ਦੇਸ਼ ਦੇ ਸਭ ਤੋਂ ਵਧ ਪ੍ਰਦੂਸ਼ਿਤ 10 ਸ਼ਹਿਰਾਂ 'ਚ ਸ਼ਾਮਲ ਲੁਧਿਆਣਾ, ਜਾਣੋ ਟਾਪ ਉੱਤੇ ਕਿਹੜਾ ਸੂਬਾ (Etv Bharat (ਲੁਧਿਆਣਾ, ਪੱਤਰਕਾਰ)) ਲੁਧਿਆਣਾ:ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਦੇਸ਼ ਦੇ ਸਭ ਤੋਂ ਵੱਧ 10 ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਦਿੱਲੀ ਇਸ ਵਿੱਚ ਸਭ ਤੋਂ ਉੱਪਰ ਹੈ, ਜਦਕਿ ਲੁਧਿਆਣਾ ਦਸਵੇਂ ਨੰਬਰ 'ਤੇ ਆਇਆ ਹੈ। ਇਹ ਜਾਣਕਾਰੀ ਕੇਂਦਰੀ ਵਾਤਾਵਰਨ ਜੰਗਲਾਤ ਅਤੇ ਵਾਤਾਵਰਨ ਪਰਿਵਰਤਨ ਵਿਭਾਗ ਵੱਲੋਂ ਵੀਰਵਾਰ ਨੂੰ ਰਾਜ ਸਭਾ ਦੇ ਵਿੱਚ ਦਿੱਤੀ ਗਈ ਹੈ। ਆਂਧਰਾ ਪ੍ਰਦੇਸ਼ ਦੇ ਰਾਜ ਸਭਾ ਮੈਂਬਰ ਪਾਰਲੀਮੈਂਟ ਪਰਿਮਲ ਵੱਲੋਂ ਭਾਰਤ ਦੇ ਸਭ ਤੋਂ ਵੱਧ ਵੀ ਪ੍ਰਦੂਸ਼ਿਤ ਸ਼ਹਿਰਾਂ ਦੀ ਰੈਂਕਿੰਗ ਬਾਰੇ ਸਵਾਲ ਪੁੱਛਿਆ ਗਿਆ ਸੀ ਜਿਸ ਦੇ ਜਵਾਬ ਵਜੋਂ ਕੇਂਦਰੀ ਮੰਤਰੀ ਕੀਰਤੀਵਰਧਨ ਸਿੰਘ ਨੇ ਐਨ ਕੈਪ ਦੇ ਤਹਿਤ ਲਏ ਗਏ ਡਾਟਾ ਬਾਰੇ ਜਾਣਕਾਰੀ ਦਿੱਤੀ।
ਇਹ ਸ਼ਹਿਰ ਟਾਪ ਉੱਤੇ ਸ਼ਾਮਲ:ਸੂਚੀ ਵਿੱਚ ਵਿੱਤੀ ਸਾਲ 2023-24 ਪੀਐਮ 10 ਦੇ ਸੰਦਰਭ ਦੇ ਅਧਾਰ ਤੇ 131 ਸ਼ਹਿਰਾਂ ਦੀ ਰੈਂਕਿੰਗ ਕੀਤੀ ਹੈ ਜਿਸ ਵਿੱਚ ਲੁਧਿਆਣਾ ਨੂੰ 161 ਦਾ ਔਸਤਨ ਹੋਣ ਕਰਕੇ 10 ਵੇਂ ਨੰਬਰ ਉੱਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੇ ਜਲੰਧਰ ਵੀ ਸ਼ਾਮਲ ਹੈ। ਹਾਲਾਂਕਿ, ਇਸ ਵਿੱਚ ਦਿੱਲੀ ਸਭ ਤੋਂ ਉੱਪਰ ਹੈ।
ਦੂਜੇ ਨੰਬਰ 'ਤੇ ਹਰਿਆਣਾ ਦਾ ਸ਼ਹਿਰ ਫਰੀਦਾਬਾਦ, ਤੀਜੇ ਨੰਬਰ ਤੇ ਨੋਇਡਾ, ਪਟਨਾ, ਗਾਜ਼ੀਆਬਾਦ, ਮੁਜ਼ੱਫਰ ਨਗਰ ਆਦਿ ਸ਼ਹਿਰ ਵੀ ਪਹਿਲੀ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਿਲ ਹੈ। ਹਾਲਾਂਕਿ, ਸਰਕਾਰ ਵੱਲੋਂ ਪ੍ਰਦੂਸ਼ਣ ਦਾ ਪੱਧਰ ਘਟਾਉਣ ਲਈ ਲਗਾਤਾਰ ਟੀਚਾ ਮਿਥਿਆ ਗਿਆ ਸੀ ਅਤੇ 2024 ਵਿੱਚ ਪਾਰਟੀਕੁਲੇਟ ਮੈਟਰ ਦੇ ਤਹਿਤ ਘੱਟੋ ਘੱਟ 30 ਫੀਸਦੀ ਪ੍ਰਦੂਸ਼ਣ ਦਾ ਪੱਧਰ ਘੱਟ ਕਰਨ ਦਾ ਟੀਚਾ ਮਿਥਿਆ ਗਿਆ ਹੈ। ਸਾਲ 2025-26 ਤੱਕ 40 ਫੀਸਦੀ ਪ੍ਰਦੂਸ਼ਣ ਘਟਾਉਣ ਦਾ ਮਕਸਦ ਹੈ ਜਿਸ ਸਬੰਧੀ 11 ਹਜ਼ਾਰ, 211 ਕਰੋੜ ਰੁਪਏ ਵੀ ਜਾਰੀ ਕੀਤੇ ਜਾ ਚੁੱਕੇ ਹਨ।
ਖਰਾਬ ਹੋਈ ਆਬੋ ਹਵਾ: ਲੁਧਿਆਣਾ ਦੇ ਪ੍ਰਦੂਸ਼ਣ ਦੇ ਪੱਧਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਏਅਰ ਕੁਆਲਿਟੀ ਇੰਡੈਕਸ ਲਗਾਤਾਰ ਵੱਧ ਰਿਹਾ ਹੈ। ਹਾਲਾਂਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਪਣੇ ਪ੍ਰਦੂਸ਼ਣ ਮਾਪਣ ਦੀ ਜੰਤਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਲਗਾਏ ਗਏ ਹਨ। ਜਿੱਥੇ ਗਰੀਨਰੀ ਵੱਡੇ ਪੱਧਰ ਉੱਤੇ ਮੌਜੂਦ ਹੈ ਜਿਸ ਕਰਕੇ ਇੱਥੇ ਏਅਰ ਕੁਆਲਿਟੀ ਇੰਡੈਕਸ ਸ਼ਹਿਰ ਨਾਲੋਂ ਕਿਤੇ ਘੱਟ ਰਿਕਾਰਡ ਹੁੰਦਾ ਹੈ। ਪਰ, ਇਸ ਦੇ ਡਾਟਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਸਾਈਟਾਂ ਦੇ ਮੁਤਾਬਕ ਸ਼ੁਕਰਵਾਰ ਸਵੇਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਏਅਰ ਕੁਆਲਿਟੀ ਇੰਡੈਕਸ 156 ਦਰਜ ਕੀਤਾ ਗਿਆ ਹੈ, ਜੋ ਕਿ ਕਾਫੀ ਖਰਾਬ ਹੈ, ਆਬੋ ਹਵਾ ਆਮ ਲੋਕਾਂ ਲਈ ਸਹੀ ਨਹੀਂ ਹੈ।
ਉੱਥੇ ਹੀ, ਦੂਜੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪ੍ਰਦੂਸ਼ਣ ਮਾਪਣ ਦਾ ਇੱਕ ਯੰਤਰ ਖੰਨਾ ਵਿੱਚ ਵੀ ਲਗਾਇਆ ਗਿਆ ਹੈ, ਜਿੱਥੇ ਏਅਰ ਕੁਆਲਿਟੀ ਇੰਡੈਕਸ 100 ਦੇ ਕਰੀਬ ਸ਼ੁੱਕਰਵਾਰ ਸਵੇਰੇ 11 ਵਜੇ ਵੇਖਣ ਨੂੰ ਮਿਲਿਆ ਹੈ। ਲੁਧਿਆਣਾ ਵਿੱਚ, ਜਿੱਥੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਇੰਡਸਟਰੀ ਮੌਜੂਦ ਹੈ। ਉੱਥੇ ਹੀ ਗੱਡੀਆਂ ਵੀ ਵੱਡੇ ਪੱਧਰ ਉੱਤੇ ਲੋਕਾਂ ਕੋਲ ਹੈ। ਨਾ ਸਿਰਫ ਆਬੋ ਹਵਾ, ਸਗੋਂ ਬੁੱਢੇ ਨਾਲੇ ਦੇ ਕਰਕੇ ਲੁਧਿਆਣੇ ਦੇ ਪਾਣੀ ਦਾ ਪ੍ਰਦੂਸ਼ਣ ਵੀ ਵੱਡੇ ਪੱਧਰ ਉੱਤੇ ਹੈ।