ਲੁਧਿਆਣਾ:ਜ਼ਿਲ੍ਹੇ ਵਿੱਚ ਵਟਸਐਪ ਕਾਲ ਦੇ ਰਾਹੀਂ ਫੋਨ ਕਰਕੇ ਧਮਕਾਉਣ ਅਤੇ ਪ੍ਰੋਟੈਕਸ਼ਨ ਮਨੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਲੁਧਿਆਣਾ ਪੁਲਿਸ ਵੱਲੋਂ ਥਾਣਾ ਡਿਵੀਜ਼ਨ ਨੰਬਰ 6 ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਲੁਧਿਆਣਾ ਦੇ ਇੱਕ ਕਾਰੋਬਾਰੀ ਨੇ ਦਰਜ ਕਰਵਾਇਆ ਹੈ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਵਟਸਐਪ ਜ਼ਰੀਏ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਆ ਰਹੀਆਂ ਹਨ ਅਤੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ ਦਾ ਨਾਂ ਲੈ ਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਹੁਣ ਮਾਮਲਾ ਦਰਜ ਕਰ ਲਿਆ ਹੈ।
ਕਾਰੋਬਾਰੀ ਤੋਂ ਫਿਰੌਤੀ ਦੀ ਮੰਗ (Etv Bharat) ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਜਾਣਕਾਰੀ ਦਿੰਦੇ ਹੋਏ ਥਾਣਾ ਡਿਵੀਜ਼ਨ ਨੰਬਰ 6 ਦੇ ਐੱਸਐੱਚਓ ਰਜੇਸ਼ ਠਾਕੁਰ ਨੇ ਦੱਸਿਆ ਕੀ ਲੁਧਿਆਣਾ ਦੇ ਕਾਰੋਬਾਰੀ ਨੇ ਸ਼ਿਕਾਇਤ ਕੀਤੀ ਸੀ ਕਿ ਵਟਸਐਪ ਨੰਬਰ ਦੇ ਜ਼ਰੀਏ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਉਹਨਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇੱਕ ਰਿਕਾਰਡਿੰਗ ਵੀ ਮਿਲੀ ਹੈ ਪਰ ਇਸਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਫੋਨ ਗੋਲਡੀ ਬਰਾੜ ਦੁਆਰਾ ਹੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਮਾਮਲਾ ਦਰਜ ਕਰ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਅੱਜ ਜਲੰਧਰ ਪੁਲਿਸ ਨੇ ਵੀ ਐਨਕਾਊਂਟਰ ਮਗਰੋਂ ਦੋ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ ਅਤੇ ਇਹ ਦੋਵੇਂ ਮੁਲਜ਼ਮ ਵੀ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਦੱਸ ਜਾ ਰਹੇ ਹਨ। ਬਦਨਾਮ ਗੈਂਗਸਟਰ ਗੋਲਡੀ ਬਰਾੜ ਦੇ ਕਹਿਣ 'ਤੇ ਉਹ ਫਿਰੌਤੀ ਦੀਆਂ ਕਾਲਾਂ ਕਰਦੇ ਸਨ। ਗੋਲਡੀ ਦੇ ਕਹਿਣ 'ਤੇ ਇਹਨਾਂ ਨੇ ਪੰਜਾਬ 'ਚ ਕਈ ਵਾਰਦਾਤਾਂ ਕੀਤੀਆਂ ਸਨ। ਇਕ ਮੁਲਜ਼ਮ 10 ਮਹੀਨੇ ਪਹਿਲਾਂ ਅਤੇ ਦੂਜਾ 6 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਸੀ।