ਰਾਜਾ ਵੜਿੰਗ ‘ਤੇ ਬਿੱਟੂ ਦਾ ਨਿਸ਼ਾਨਾ (ETV BHARAT) ਲੁਧਿਆਣਾ: ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੀ ਵੋਟਿੰਗ ਜਾਰੀ ਹੈ ਤੇ ਕੁਝ ਹੀ ਘੰਟਿਆਂ 'ਚ ਵੋਟਿੰਗ ਦਾ ਸਮਾਂ ਖਤਮ ਹੋ ਜਾਵੇਗਾ। ਇਸ ਵਿਚਾਲੇ ਅੱਜ ਕਾਂਗਰਸ ਉਮੀਦਵਾਰ ਰਾਜਾ ਵੜਿੰਗ 'ਆਪ' ਉਮੀਦਵਾਰ ਅਸ਼ੋਕ ਪਰਾਸ਼ਰ ਪੱਕੀ ਦੇ ਘਰ ਗਏ ਸਨ। ਜਿਸ ਨੂੰ ਲੈਕੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਵਲੋਂ ਰਾਜਾ ਵੜਿੰਗ 'ਤੇ ਨਿਸ਼ਾਨਾ ਸਾਧਿਆ ਗਿਆ ਹੈ। ਜਿਸ 'ਚ ਉਨ੍ਹਾਂ ਇਲਜ਼ਾਮ ਲਗਾਇਆ ਕਿ ਰਾਜਾ ਵੜਿੰਗ ਅਸ਼ੋਕ ਪਰਾਸ਼ਰ ਦੇ ਅੱਗੇ ਸਰੈਂਡਰ ਕਰ ਗਏ ਹਨ।
ਬਿੱਟੂ ਦਾ ਵੜਿੰਗ 'ਤੇ ਨਿਸ਼ਾਨਾ:ਉਥੇ ਹੀ ਰਾਜਾ ਵੜਿੰਗ ਤੋਂ ਬਾਅਦ ਰਵਨੀਤ ਬਿੱਟੂ ਵੀ 'ਆਪ' ਉਮੀਦਵਾਰ ਅਸ਼ੋਕ ਪਰਾਸ਼ਰ ਦੇ ਘਰ ਬਾਹਰ ਪੁੱਜੇ। ਜਿਥੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਜਾਣਕਾਰੀ ਮਿਲੀ ਸੀ ਕਿ ਸਾਰਾ ਮੀਡੀਆ ਇਥੇ ਹੈ, ਜਿਸ ਕਾਰਨ ਉਹ ਵੀ ਇਥੇ ਹੀ ਆ ਗਏ ਹਨ। ਬਿੱਟੂ ਨੇ ਕਿਹਾ ਕਿ ਰਾਜਾ ਵੜਿੰਗ ਨਤੀਜਿਆਂ ਤੋਂ ਪਹਿਲਾਂ ਹੀ 'ਆਪ' ਉਮੀਦਵਾਰ ਅਸ਼ੋਕ ਪਰਾਸ਼ਰ ਦੇ ਅੱਗੇ ਸਰੈਂਡਰ ਕਰ ਗਏ ਹਨ।
ਵੜਿੰਗ ਮਨ ਚੁੱਕੇ ਆਪਣੀ ਹਾਰ:ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿੰਦੇ ਸੀ ਕਿ ਇਹ ਬਾਹਰੋਂ ਆਏ ਹਨ ਤੇ ਇਹ ਦੋਵੇਂ ਪਾਰਟੀਆਂ ਵਾਲੇ ਲੀਡਰ ਰਲੇ ਹੋਏ ਹਨ, ਜਿਸ ਕਾਰਨ ਉਹ ਪਹਿਲਾਂ ਹੀ ਆਪਣੀ ਹਾਰ ਮੰਨ ਚੁੱਕੇ ਹਨ। ਜਿਸ ਦਾ ਨਤੀਜਾ ਕਿ ਰਾਜਾ ਵੜਿੰਗ ਅਸ਼ੋਕ ਪਰਾਸ਼ਰ ਦੇ ਘਰ ਆ ਕੇ 'ਆਪ' ਉਮੀਦਵਾਰ ਦੇ ਹੱਕ 'ਚ ਸਰੈਂਡਰ ਕਰ ਗਿਆ। ਉਨ੍ਹਾਂ ਸਵਾਲ ਚੁੱਕਿਆ ਕਿ ਉਹ ਕਰਨ ਕੀ ਆਏ ਸੀ ਤੇ ਕਿਉਂ ਵੜਿੰਗ ਨੇ ਕਾਂਗਰਸੀਆਂ ਨੂੰ ਧੋਖਾ ਦਿੱਤਾ।
ਭਗਵੰਤ ਮਾਨ ਤੇ ਕੇਜਰੀਵਾਲ ਦੇ ਡਰ ਕਾਰਨ ਕੀਤਾ ਸਰੈਂਡਰ:ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਕਿ ਰਾਜਾ ਵੜਿੰਗ ਨੇ 'ਆਪ' ਉਮੀਦਵਾਰ ਪਰਾਸ਼ਰ ਦੇ ਘਰ ਆ ਕੇ ਸਾਰੀ ਹੀ ਕਾਂਗਰਸ ਪਾਰਟੀ ਨੂੰ ਪੁੱਠੇ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਕਾਂਗਰਸ ਵਾਲਿਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਇੰਨ੍ਹਾਂ ਦਾ ਸੌਦਾ ਹੋਇਆ ਹੈ। ਬਿੱਟੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਡਰ ਕਾਰਨ ਗਿੱਦੜਬਾਹਾ ਤੋਂ ਵੋਟ ਪਾ ਕੇ ਵਾਪਸ ਪਰਤਦਿਆਂ ਰਾਜਾ ਵੜਿੰਗ ਅਸ਼ੋਕ ਪਰਾਸ਼ਰ ਪੱਪੀ ਦੇ ਪੈਰਾਂ 'ਚ ਪੈ ਗਿਆ ਤੇ ਸਰੈਂਡਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਕੋਲ ਵੜਿੰਗ ਦੇ ਕੇਸਾਂ ਦੀਆਂ ਫਾਈਲਾਂ ਪਈਆਂ ਹਨ, ਜਿਸ ਕਾਰਨ ਇਹ ਇਥੇ ਆਏ ਹਨ।