ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਠੰਢ ਅਤੇ ਧੁੰਦ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਜਿਸ ਨਾਲ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਵੀ ਗਿਣਤੀ ਵੱਧਦੀ ਜਾ ਰਹੀ ਹੈ। ਸਰਕਾਰੀ ਹਸਪਤਾਲਾਂ ਦੇ ਵਿੱਚ ਚਮੜੀ ਅਤੇ ਛਾਤੀ ਦੇ ਮਰੀਜ਼ਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਸਰਕਾਰੀ ਹਸਪਤਾਲਾਂ ਦੀ ਓਪੀਡੀ ਵਿੱਚ 60% ਮਰੀਜ਼ ਛਾਤੀ ਅਤੇ ਚਮੜੀ ਦੇ ਰੋਗਾਂ ਦੇ ਨਾਲ ਸੰਬੰਧਿਤ ਆ ਰਹੇ ਹਨ।
ਟੀਬੀ ਅਤੇ ਫਲੂ ਦੇ ਮਰੀਜ਼ੀ ਦੇ ਵਿੱਚ ਇਜ਼ਾਫਾ
ਸਿਵਲ ਹਸਪਤਾਲ ਦੇ ਛਾਤੀ ਅਤੇ ਟੀ.ਬੀ ਦੀ ਮਾਹਿਰ ਡਾਕਟਰ ਅਕਾਂਸ਼ਾ ਵਰਮਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਅੰਮ੍ਰਿਤਸਰ ਵਿੱਚ ਲਗਾਤਾਰ ਠੰਢ ਵੱਧਦੀ ਜਾ ਰਹੀ ਹੈ। ਉਸੇ ਤਰ੍ਹਾਂ ਮਰੀਜ਼ਾਂ ਦੀ ਵੀ ਗਿਣਤੀ ਵਧਦੀ ਜਾ ਰਹੀ ਹੈ। ਛਾਤੀ ਅਤੇ ਦਮੇ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਕਾਫੀ ਇਜ਼ਾਫਾ ਹੋਇਆ ਹੈ। ਜ਼ਿਆਦਾਤਰ ਮਰੀਜ਼ ਉਨ੍ਹਾਂ ਦੇ ਕੋਲ ਦਮੇ ਦੀ ਬਿਮਾਰੀ ਦੇ ਨਾਲ ਸੰਬੰਧਿਤ ਆ ਰਹੇ ਹਨ।
ਦਮੇ ਦੇ ਮਰੀਜ਼ਾਂ ਨੂੰ ਸਵੇਰ ਦੀ ਸੈਰ ਨਹੀਂ ਕਰਨੀ ਚਾਹੀਦੀ
ਡਾਕਟਰ ਅਕਾਂਸ਼ਾ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਮੇ ਦੇ ਮਰੀਜ਼ ਅਤੇ ਜਿੰਨਾਂ ਨੂੰ ਛਾਤੀ ਦੇ ਵਿੱਚ ਕੋਈ ਵੀ ਦਿੱਕਤ ਹੈ। ਉਨ੍ਹਾਂ ਨੂੰ ਸਵੇਰ ਦੀ ਸੈਰ ਨਹੀਂ ਕਰਨੀ ਚਾਹੀਦੀ, ਜੇਕਰ ਉਨ੍ਹਾਂ ਨੇ ਸਵੇਰ ਦੀ ਸੈਰ ਕਰਨੀ ਵੀ ਹੈ ਤਾਂ ਆਪਣਾ ਮੂੰਹ ਢੱਕਿਆ ਜਾਵੇ ਅਤੇ ਮਾਸਕ ਦੀ ਵਰਤੋਂ ਜਰੂਰ ਕੀਤੀ ਜਾਵੇ ਤਾਂ ਹੀ ਸੈਰ ਕੀਤੀ ਜਾਵੇ। ਡਾਕਟਰ ਅਕਾਂਸ਼ਾ ਨੇ ਕਿਹਾ ਕਿ ਅੱਜ ਕੱਲ ਫਲੂ ਕਾਫੀ ਫੈਲਿਆ ਹੋਇਆ ਹੈ ਅਤੇ ਲੋਕਾਂ ਨੂੰ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ ਜਿਸ ਕਰਕੇ ਉਹ ਫਲੂ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਠੰਢ ਵਧਣ ਦੇ ਨਾਲ ਜ਼ਿਆਦਾਤਰ ਮਰੀਜ਼ ਕ੍ਰੋਨਿਕ ਬ੍ਰੌਨਕਾਈਟਿਸ, ਸੀਓਪੀਡੀ, ਵਾਇਰਲ ਬ੍ਰੌਨਕਾਈਟਿਸ, ਟੀ.ਬੀ., ਦਮੇ ਦੀ ਬਿਮਾਰੀ , ਨਿਮੋਨੀਆ ਦੇ ਆ ਰਹੇ ਹਨ। ਡਾਕਟਰ ਨੇ ਕਿਹਾ ਕਿ ਜੇਕਰ ਕਿਸੇ ਵੀ ਮਰੀਜ਼ ਨੂੰ ਦਮੇ ਜਾਂ ਛਾਤੀ ਦੇ ਵਿੱਚ ਕੋਈ ਵੀ ਦਿੱਕਤ ਆ ਰਹੀ ਹੈ ਤਾਂ ਉਹ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਕਰੇ।
ਠੰਢ ਵਧਣ ਦੇ ਨਾਲ ਚਮੜੀ ਦੇ ਮਰੀਜ਼ਾਂ ਵਿੱਚ ਇਜ਼ਾਫਾ
ਸਿਵਿਲ ਹਸਪਤਾਲ ਦੇ ਚਮੜੀ ਦੇ ਰੋਗਾਂ ਦੀ ਮਾਹਿਰ ਡਾਕਟਰ ਸੁਨੀਤਾ ਅਰੋੜਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਠੰਢ ਵਧਣ ਦੇ ਨਾਲ ਚਮੜੀ ਦੇ ਮਰੀਜ਼ਾਂ ਦਾ ਵੀ ਇਜਾਫਾ ਹੋਇਆ ਹੈ, ਜਿਆਦਾਤਰ ਮਰੀਜ਼ ਉਨ੍ਹਾਂ ਦੇ ਕੋਲ ਬਜ਼ੁਰਗ ਆ ਰਹੇ ਹਨ ਅਤੇ ਠੰਢ ਵੱਧਣ ਦੇ ਨਾਲ ਉਨ੍ਹਾਂ ਦੀ ਹੱਥ ਅਤੇ ਪੈਰਾਂ ਦੀ ਉਂਗਲਾਂ ਸੁੱਜ ਜਾਂਦੀਆਂ ਹਨ ਅਤੇ ਕਈ ਵਾਰ ਜਖ਼ਮ ਵੀ ਬਣ ਜਾਂਦੇ ਹਨ। ਜਿਸ ਤੋਂ ਬਾਅਦ ਕਾਫੀ ਖਾਰਿਸ਼ ਹੁੰਦੀ ਹੈ। ਇਹ ਸਭ ਕੁਝ ਵੱਧ ਰਹੀ ਠੰਢ ਦੇ ਨਾਲ ਹੋ ਰਿਹਾ ਹੈ। ਡਾਕਟਰ ਨੇ ਕਿਹਾ ਕਿ ਜੇਕਰ ਤੁਸੀਂ ਦੋ ਪਹੀਆ ਵੀਹਕਲ ਚਲਾਉਂਦੇ ਹੋ ਤਾਂ ਹੱਥਾਂ ਦੇ ਵਿੱਚ ਦਸਤਾਨੇ ਜਰੂਰ ਪਾਓ ਅਤੇ ਠੰਢ ਤੋਂ ਜਿਨ੍ਹਾਂ ਬਚਾਅ ਕਰ ਸਕਦੇ ਹੋ ਕਰੋ।
ਬੱਚਿਆਂ ਦੇ ਸਿਰ ਦੇ ਵਿੱਚ ਸਿਕਰੀ
ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੋਟੇ-ਛੋਟੇ ਬੱਚਿਆਂ ਦੀ ਚਮੜੀ ਵੀ ਖੁਸ਼ਕ ਹੋ ਜਾਂਦੀ ਹੈ। ਇਸ ਮੌਸਮ ਦੇ ਵਿੱਚ ਬੱਚਿਆਂ ਦੇ ਸਿਰ ਦੇ ਵਿੱਚ ਸਿਕਰੀ ਵੱਧ ਜਾਂਦੀ ਅਤੇ ਉਨ੍ਹਾਂ ਨੂੰ ਖਾਰਿਸ਼ ਹੋ ਜਾਂਦੀ ਹੈ। ਡਾਕਟਰ ਨੇ ਕਿਹਾ ਕਿ ਬੱਚਿਆਂ ਨੂੰ ਰੋਜ਼ ਨਹਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਚਮੜੀ ਵਿੱਚ ਮੋਇਸਚਰਾਈਜ਼ਰ ਜ਼ਰੂਰ ਲਗਾਉਣਾ ਚਾਹੀਦਾ ਹੈ। ਜੇਕਰ ਘਰ ਦੇ ਵਿੱਚ ਮੋਇਸਚਰਾਈਜ਼ਰ ਨਹੀਂ ਹੈ ਤਾਂ ਨਾਰੀਅਲ ਦਾ ਤੇਲ ਲਗਾਉਣਾ ਚਾਹੀਦਾ ਹੈ।
ਠੰਢ ਤੋਂ ਬਚਣ ਦੇ ਉਪਾਅ
- ਘਰ ਤੋਂ ਬਾਹਰ ਹਮੇਸ਼ਾ ਮੂੰਹ ਢੱਕ ਕੇ ਹੀ ਨਿਕਲਣਾ ਚਾਹੀਦਾ ਹੈ।
- ਹੱਥਾਂ ਅਤੇ ਪੈਰਾਂ ਨੂੰ ਨਿੰਮ ਦੇ ਪੱਤੇ ਉਬਾਲ ਕੇ ਗੁਣਗੁਣੇ ਪਾਣੀ ਨਾਲ ਧੋਣਾ ਚਾਹੀਦਾ ਹੈ।
- ਛੋਟੇ ਬੱਚਿਆਂ ਨੂੰ ਨਹਲਾਉਣ ਤੋਂ ਬਾਅਦ ਉਨ੍ਹਾਂ ਦੇ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ।
- ਟੂ-ਵਹੀਕਲ ਚਲਾਉਣ ਵਾਲਿਆਂ ਨੂੰ ਹੱਥਾਂ 'ਤੇ ਦਸਤਾਨੇ ਪਾਉਣੇ ਚਾਹੀਦੇ ਹਨ।
- ਖਾਣ ਪੀਣ ਵਾਲੀਆਂ ਚੀਜ਼ਾ ਵੀ ਗਰਮ ਹੀ ਖਾਣੀਆਂ ਚਾਹੀਦੀਆਂ ਹਨ ਨਾ ਕੇ ਠੰਢੀਆਂ।
- ਬੱਚੇ,ਬਜ਼ੁਰਗ ਅਤੇ ਨੌਜਵਾਨਾਂ ਨੂੰ ਬਾਡੀ-ਲੋਸ਼ਣ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਨਾਰੀਅਲ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।
- ਟੀਬੀ ਅਤੇ ਦਮੇ ਦੇ ਮਰੀਜ਼ਾਂ ਨੁੰ ਮੂੰਹ ਹਮੇਸ਼ਾਂ ਢੱਕ ਕੇ ਰੱਖਣਾ ਚਾਹੀਦਾ ਹੈ।