ਬਰਨਾਲਾ: ਲੋਕ ਸਭਾ ਚੋਣਾਂ 2024 ਦੀ ਚੋਣ ਪ੍ਰਚਾਰ ਪ੍ਰਕਿਰਿਆ ਨੂੰ ਹਰ ਪਾਰਟੀ ਵੱਲੋਂ ਤੇਜ਼ ਕਰ ਦਿੱਤਾ ਗਿਆ ਹੈ। ਜਿਸ ਦੇ ਚੱਲਦਿਆਂ ਅੱਜ ਸੁਖਪਾਲ ਸਿੰਘ ਖਹਿਰਾ ਬਰਨਾਲਾ ਵਿਖੇ ਇਕ ਵੱਡੀ ਜਨ ਸਭਾ ਨੂੰ ਸੰਬੋਧਨ ਕਰਨ ਲਈ ਪਹੁੰਚੇ। ਬਰਨਾਲਾ ਵਿੱਚ ਕਾਂਗਰਸੀ ਉਮੀਦਵਾਰ ਖਹਿਰਾ ਤੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਬਰਨਾਲਾ ਦੇ ਪ੍ਰਸਿੱਧ ਸਮਾਜ ਸੇਵੀ ਭੋਲਾ ਸਿੰਘ ਵਿਰਕ ਨੇ ਹਮਾਇਤ ਦਾ ਐਲਾਨ ਕਰ ਦਿੱਤਾ। ਭੋਲਾ ਸਿੰਘ ਵਿਰਕ ਵਲੋਂ ਇੱਕ ਵੱਡੀ ਜਨ ਸਭਾ ਖਹਿਰਾ ਦੇ ਹੱਕ ਵਿੱਚ ਕੀਤੀ ਗਈ। ਇਸ ਦੌਰਾਨ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਜੰਮ ਕੇ ਨਿਸ਼ਾਨੇ ਉਪਰ ਲਿਆ।
ਬਾਰੀ ਸੂਬੇ ਦੇ ਨੌਜਵਾਨਾਂ ਨੂੰ ਨੌਕਰੀ: ਇਸ ਮੌਕੇ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅੱਜ ਉਹਨਾਂ ਨੂੰ ਬਰਨਾਲਾ ਵਿਖੇ ਭੋਲਾ ਸਿੰਘ ਵਿਰਕ ਨੇ ਸਾਥ ਦੇਣ ਦਾ ਐਲਾਨ ਕੀਤਾ ਹੈ। ਜਿਸ ਲਈ ਉਹ ਵਿਰਕ ਦਾ ਧੰਨਵਾਦ ਕਰਦੇ ਹਨ। ਉਥੇ ਨਾਲ ਹੀ ਉਹਨਾਂ ਆਪਣੇ ਵਿਰੋਧੀ 'ਆਪ' ਉਮੀਦਵਾਰ ਮੀਤ ਹੇਅਰ ਉਪਰ ਹੱਲਾ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਬਾਹਰੀ ਰਾਜਾਂ ਦੇ ਲੋਕਾਂ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਣੀ ਚਾਹੀਦੀ, ਪਰ ਮੀਤ ਹੇਅਰ ਵਲੋਂ ਵਿਧਾਨ ਸਭਾ ਵਿੱਚ ਝੂਠ ਬੋਲਿਆ ਗਿਆ। ਕਿਉਂਕਿ ਹਿਮਾਚਲ ਅਤੇ ਰਾਜਸਥਾਨ ਵਰਗੇ ਸੂਬਿਆਂ ਵਿੱਚ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਦਿੱਤੀ ਜਾਂਦੀ।
ਸੂਬੇ ਨੂੰ 'ਆਪ' ਸਰਕਾਰ ਨੇ ਕੀਤਾ ਕੰਗਾਲ: ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ਉਪਰ ਫ਼ੇਲ੍ਹ ਹੋਈ ਹੈ। ਸਰਕਾਰ ਨੇ ਪੰਜਾਬ ਸਿਰ ਕਰਜ਼ਾ ਵੀ ਚੜ੍ਹਾ ਦਿੱਤਾ ਹੈ, ਪਰ ਕੰਮ ਵੀ ਕੋਈ ਨਹੀਂ ਕੀਤਾ ਗਿਆ। ਆਪ ਨੇਤਾ ਕਹਿ ਤਾਂ ਰਹੇ ਹਨ ਕਿ ਰੰਗਲਾ ਪੰਜਾਬ ਬਣਾ ਦਿੱਤਾ ਹੈ, ਪਰ ਪੰਜਾਬ ਨੂੰ ਅਸਲ ਵਿੱਚ ਕੰਗਾਲ ਕਰ ਦਿੱਤਾ ਹੈ। ਪੁਲਿਸ ਐਤ ਵਿਜੀਲੈਂਸ ਦੀ ਦੁਰਵਰਤੋਂ ਹੋਈ ਹੈ। ਵਿਰੋਧੀਆਂ ਉੁਪਰ ਝੂਠੇ ਪਰਚੇ ਦਰਜ਼ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਅਰਵਿੰਦ ਕੇਜਰੀਵਾਲ ਕਹਿ ਰਹੇ ਹਨ ਕਿ ਬੀਜੇਪੀ ਸਰਕਾਰ ਉਹਨਾਂ ਨੂੰ ਧੱਕੇਸ਼ਾਹੀ ਕਰ ਰਹੀ ਹੈ, ਪਰ ਪੰਜਾਬ ਵਿੱਚ ਆਪਣੇ ਵਿਰੋਧੀਆਂ ਨਾਲ ਉਸ ਤੋਂ ਵੀ ਵੱਧ ਧੱਕਾ ਕਰ ਰਹੇ ਹਨ। ਝੂਠੇ ਪਰਚੇ ਦਰਜ਼ ਕੀਤੇ ਗਏ ਹਨ।
ਈਡੀ ਕੋਲ ਸ਼ਰਾਬ ਘੁਟਾਲੇ ਦੇ ਪੁਖ਼ਤਾ ਸਬੂਤ: ਉਹਨਾਂ ਕਿਹਾ ਕਿ ਹਾਲਾਂਕਿ ਅਸੀਂ ਤਿੰਨ ਮਹੀਨੇ ਬਾਅਦ ਜ਼ਮਾਨਤ ਉਪਰ ਬਾਹਰ ਆ ਗਏ ਹਾਂ ਪਰ ਮਨੀਸ਼ ਸਿਸੋਦੀਆਂ ਵਰਗੇ ਡੇਢ ਸਾਲ ਤੋਂ ਜ਼ਮਾਨਤਾਂ ਰੱਦ ਹੋਣ ਕਰਕੇ ਅੱਜ ਵੀ ਜੇਲ੍ਹਾਂ ਵਿੱਚ ਹਨ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵਿਰੁੱਧ ਵੀ ਈਡੀ ਕੋਲ ਸ਼ਰਾਬ ਘੁਟਾਲੇ ਦੇ ਪੁਖ਼ਤਾ ਸਬੂਤ ਹਨ। ਇਸਦੇ ਬਾਵਜੂਦ ਆਪਣੇ ਆਪ ਨੂੰ ਕੱਟੜ ਇਮਾਨਦਾਰ ਅਖਵਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕਰਕੇ ਆਪ ਦੀ ਸਰਕਾਰ ਬਣੀ ਹੈ। ਹੁਣ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਆਪਣੀ ਗਲਤੀ ਸੁਧਾਰ ਕਰਨਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ 13-0 ਦਾ ਦਾਅਵਾ ਕਰ ਰਹੀ ਹੈ। ਪਰ ਪੰਜਾਬ ਵਿੱਚ ਇਹਨਾਂ ਨੂੰ ਇੱਕ ਵੀ ਸੀਟ ਨਹੀਂ ਆਉਣੀ।