ਜਲੰਧਰ:ਬਹੁਜਨ ਸਮਾਜ ਪਾਰਟੀ ਵਲੋਂ ਜਲੰਧਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਬਲਵਿੰਦਰ ਕੁਮਾਰ ਬਸਪਾ ਦੀ ਤਰਫੋਂ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜ ਚੁੱਕੇ ਹਨ, ਹਾਲਾਂਕਿ ਉਸ ਸਮੇਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਫੈਸਲਾ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਦੇ ਹੁਕਮਾਂ ਅਨੁਸਾਰ ਲਿਆ ਗਿਆ ਹੈ।
ਸਾਰੀਆਂ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਜਲਦ: ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਰਣਧੀਰ ਬੈਨੀਵਾਲ ਨੇ ਪਟਿਆਲਾ ਤੋਂ ਜਗਜੀਤ ਸਿੰਘ ਛੜਬੜਹ ਦੇ ਨਾਂ ਦਾ ਐਲਾਨ ਕੀਤਾ ਸੀ। ਕੌਮੀ ਕੋਆਰਡੀਨੇਟਰ ਬੈਨੀਵਾਲ ਨੇ ਦੱਸਿਆ ਕਿ ਜਲਦੀ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਸਾਰੇ ਉਮੀਦਵਾਰਾਂ ਦੇ ਪੈਨਲ ਬਾਰੇ ਅੰਤਿਮ ਫੈਸਲਾ ਕੁਮਾਰੀ ਮਾਇਆਵਤੀ ਖੁਦ ਲੈ ਰਹੇ ਹਨ।
ਨਕਲੀ ਅਤੇ ਝੂਠੇ ਦਲਿਤ ਚਿਹਰੇ ਹੋਣਗੇ ਬੇਨਕਾਬ: ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪੰਜਾਬ ਦੇ ਨਕਲੀ ਅਤੇ ਝੂਠੇ ਦਲਿਤ ਚਿਹਰਿਆਂ ਨੂੰ ਬੇਨਕਾਬ ਕਰਨ ਦਾ ਕੰਮ ਕਰਨਗੇ। ਬਲਵਿੰਦਰ ਬਸਪਾ ਪੰਜਾਬ ਦੇ ਮੌਜੂਦਾ ਜਨਰਲ ਸਕੱਤਰ ਹਨ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਲਗਾਤਾਰ ਲੋਕ ਸਭਾ ਇੰਚਾਰਜ ਵਜੋਂ ਸਰਗਰਮ ਸਨ। ਇਸ ਤੋਂ ਪਹਿਲਾਂ ਉਹ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਕਰਤਾਰਪੁਰ ਤੋਂ ਲੜ ਚੁੱਕੇ ਹਨ, ਜਦਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਲੰਧਰ ਤੋਂ 2 ਲੱਖ 4 ਹਜ਼ਾਰ ਵੋਟਾਂ ਹਾਸਲ ਕਰਕੇ ਦਬਦਬਾ ਕਾਇਮ ਕੀਤਾ ਸੀ।
ਕਾਂਗਰਸ ਨੇ ਹਮੇਸ਼ਾ ਫਰਜ਼ੀ ਦਲਿਤ ਚਿਹਰਾ ਕੀਤਾ ਪੇਸ਼: ਗੜ੍ਹੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਫਰਜ਼ੀ ਅਤੇ ਝੂਠਾ ਦਲਿਤ ਚਿਹਰਾ ਪੇਸ਼ ਕਰਕੇ ਦੇਸ਼ ਭਰ ਦੇ ਦਲਿਤ ਵਰਗ ਨੂੰ ਗੁੰਮਰਾਹ ਕੀਤਾ ਹੈ। ਜਿਸ ਦੇ ਖਿਲਾਫ ਬਹੁਜਨ ਸਮਾਜ ਪਾਰਟੀ ਪੂਰੇ ਪੰਜਾਬ ਵਿੱਚ ਸੰਘਰਸ਼ ਕਰ ਰਹੀ ਹੈ। ਦਿਨ ਭਰ ਵਿੱਚ ਇਹ ਦੂਜਾ ਉਮੀਦਵਾਰ ਹੈ।
ਬਸਪਾ ਵਲੋਂ ਹੁਣ ਤੱਕ ਐਲਾਨੇ ਗਏ ਪੰਜ ਉਮੀਦਵਾਰ: ਸੂਬਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਹੁਣ ਤੱਕ ਪੰਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਵਿੱਚ ਹੁਸ਼ਿਆਰਪੁਰ ਤੋਂ ਰਾਕੇਸ਼ ਕੁਮਾਰ, ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ ਅਤੇ ਸੰਗਰੂਰ ਤੋਂ ਡਾ. ਮੱਖਣ ਸਿੰਘ ਦੇ ਨਾਂ ਐਲਾਨੇ ਗਏ ਹਨ। ਜਦਕਿ ਪਟਿਆਲਾ ਸੀਟ ਤੋਂ ਜਗਜੀਤ ਸਿੰਘ ਛੜਬੜਹ ਅਤੇ ਹੁਣ ਜਲੰਧਰ ਸੀਟ ਤੋਂ ਵੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ।