ਲੋਕ ਸਭਾ ਚੋਣਾਂ ਮਾਨਸਾ (ETV Bharat Mansa)
ਮਾਨਸਾ : ਭਲਕੇ ਹੋ ਰਹੀਆਂ ਲੋਕ ਸਭਾ ਚੋਣਾਂ 2024 ਦੌਰਾਨ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕੇ ਬੁਢਲਾਡਾ ਸਰਦੂਲਗੜ੍ਹ ਅਤੇ ਮਾਨਸਾ ਸਮੇਤ 645 ਪੋਲਿੰਗ ਬੂਥ ਬਣਾਏ ਗਏ ਹਨ, ਜਿਨਾਂ ਦੇ ਵਿੱਚ 63 ਬੂਥਾਂ ਨੂੰ ਸੰਵੇਦਨਸ਼ੀਲ ਬੂਥ ਐਲਾਨ ਕੀਤਾ ਗਿਆ ਹੈ। ਚੋਣਾਂ ਵਾਲੇ ਦਿਨ 100 ਤੋਂ 200 ਮੀਟਰ ਦੇ ਘੇਰੇ ਅੰਦਰ ਪੋਲਿੰਗ ਬੂਥ 'ਤੇ ਟੈਂਟ ਆਦਿ ਲਗਾਉਣ 'ਤੇ ਪਾਬੰਦੀ ਰਹੇਗੀ ਅਤੇ 100 ਮੀਟਰ ਦੇ ਘੇਰੇ ਅੰਦਰ ਫੋਨ, ਲਾਉਡ ਸਪੀਕਰ ਆਦਿ 'ਤੇ ਪਾਬੰਦੀ ਰਹੇਗੀ।
ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ : ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਹਰ ਪੋਲਿੰਗ ਸਟੇਸ਼ਨ ਉੱਪਰ ਚੋਣ ਅਮਲੇ ਅਤੇ ਵੋਟਰਾਂ ਲਈ ਗਰਮੀ ਤੋਂ ਬਚਾਅ ਲਈ ਪੱਖੇ ਅਤੇ ਕੂਲਰਾਂ ਦੇ ਪ੍ਰਬੰਧ ਕੀਤੇ ਗਏ ਹਨ। ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਉੱਪਰ ਵੋਟਰਾਂ ਲਈ ਠੰਡੇ ਪਾਣੀ ਦੀਆਂ ਛਬੀਲਾਂ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਪੋਲਿੰਗ ਪਾਰਟੀ ਦੇ ਹਰ ਮੈਂਬਰ ਨੂੰ ਮੈਡੀਕਲ ਕਿੱਟ ਵੀ ਦਿੱਤੀ ਗਈ ਹੈ। ਹਰ ਪੋਲਿੰਗ ਸਟੇਸ਼ਨ ਉੱਪਰ ਵੋਟਰਾਂ ਦੀ ਸਹਾਇਤਾ ਲਈ ਬੀ.ਐੱਲ.ਓਜ਼ ਅਤੇ ਵਲੰਟੀਅਰ ਵੱਲੋਂ ਵੋਟਰ ਅਸਿਸਟੈਂਟ ਬੂਥ ਸਥਾਪਤ ਕੀਤੇ ਜਾਣਗੇ।
ਜਾਣੋ ਕਿੱਥੇ-ਕਿੱਥੇ ਹਨ ਪੋਲਿੰਗ ਬੂਥ : ਜ਼ਿਲ੍ਹਾ ਚੋਣ ਅਫ਼ਸਰ ਪਰਮਵੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਪਿੰਕ, ਗਰੀਨ, ਯੂਥ ਅਤੇ ਪੀ.ਡਬਲਿਊ.ਡੀ. ਪੋਲਿੰਗ ਸਟੇਸ਼ਨ ਵੀ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 03 ਵਿਧਾਨ ਸਭਾ ਹਲਕਿਆਂ ਵਿੱਚ 03 ਪਿੰਕ ਬੂਥ ਬਣਾਏ ਜਾਣਗੇ। ਇਨ੍ਹਾਂ ਪਿੰਕ ਪੋਲਿੰਗ ਬੂਥਾਂ ਵਿੱਚ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸਰਦੂਲਗੜ੍ਹ, ਅਤੇ ਦਫ਼ਤਰ ਮਾਰਟਿਕ ਕਮੇਟੀ ਬੁਢਲਾਡਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗਰੀਨ ਪੋਲਿੰਗ ਬੂਥ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਨਸਾ, ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਖ਼ੁਰਦ ਸਰਦੂਲਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ੍ਹ ਸੇਧਾ ਸਿੰਘ ਵਾਲਾ ਬੁਢਲਾਡਾ ਵਿਖੇ ਸਥਾਪਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਆਰੀਆ ਸੀਨੀਅਰ ਸੈਕੰਡਰੀ ਸਕੂਲ ਮਾਨਸਾ, ਸਰਕਾਰੀ ਪ੍ਰਾਇਮਰੀ ਸਕੂਲ ਟਿੱਬੀ ਹਰੀ ਸਿੰਘ ਵਾਲਾ ਸਰਦੂਲਗੜ੍ਹ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰ ਖਾਂ ਵਾਲਾ ਬੁਢਲਾਡਾ ਵਿਖੇ ਯੂਥ ਪੋਲਿੰਗ ਬੂਥ ਸਥਾਪਤ ਕੀਤਾ ਜਾਵੇਗਾ ਜਿੱਥੇ ਸਾਰਾ ਸਟਾਫ਼ ਨੌਜਵਾਨ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀ.ਡਬਲਿਊ.ਡੀ. ਪੋਲਿੰਗ ਬੂਥ ਐਸ.ਡੀ. ਗਰਲਜ਼ ਕਾਲਜ ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਰਦੂਲਗੜ੍ਹ ਅਤੇ ਸਰਕਾਰੀ ਆਈ.ਟੀ.ਆਈ. ਬੁਢਲਾਡਾ ਵਿਖੇ ਸਥਾਪਤ ਕੀਤਾ ਜਾਵੇਗਾ, ਇਸ ਬੂਥ ਨੂੰ ਪੀ.ਡਬਲਿਊ.ਡੀ. ਕਰਮਚਾਰੀਆਂ ਵੱਲੋਂ ਚਲਾਇਆ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੀ.ਡਬਲਿਊ.ਡੀ. ਵੋਟਰਾਂ ਦੀ ਸਹੂਲਤ ਲਈ ਹਰ ਪੋਲਿੰਗ ਸਟੇਸ਼ਨ ਉੱਪਰ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਹਰੇਕ ਪੋਲਿੰਗ ਸਟੇਸ਼ਨ ਉੱਪਰ ਵੋਟਰ ਫੈਸਲੀਏਸ਼ਨ ਪੋਸਟਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲੇ ਕਰਕੇ ਮਾਣਯੋਗ ਚੋਣ ਕਮਿਸ਼ਨ ਦੇ ਟੀਚੇ ’ਇਸ ਵਾਰ 70 ਪਾਰ’ ਨੂੰ ਪੂਰਾ ਕੀਤਾ ਜਾਵੇਗਾ।
ਜਾਣੋ ਵੋਟਰਾਂ ਦੀ ਗਿਣਤੀ : ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ 05 ਲੱਖ, 93 ਹਜ਼ਾਰ, 509 ਵੋਟਰ ਵੋਟ ਪਾਉਣਗੇ, ਜਿੰਨ੍ਹਾਂ ਵਿਚ 3 ਲੱਖ 13 ਹਜ਼ਾਰ 941 ਮਰਦ ਵੋਟਰ, 2 ਲੱਖ 79 ਹਜ਼ਾਰ 556 ਮਹਿਲਾ ਵੋਟਰ ਜਦਕਿ 12 ਤੀਜਾ ਦਰਜਾ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 3340 ਸਰਵਿਸ ਵੋਟਰ, 5875 ਦਿਵਿਆਂਗ ਅਤੇ 5041 ਵੋਟਰ 85 ਸਾਲ ਤੋਂ ਵੱਧ ਦੀ ਉਮਰ ਵਾਲੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਵੈ ਇੱਛਾ ਨਾਲ ਘਰ ਤੋਂ ਵੋਟ ਪਾਉਣ ਲਈ ਫਾਰਮ ਭਰਨ ਵਾਲੇ ਵੋਟਰਾਂ ਵਿਚੋਂ 136 ਦਿਵਿਆਂਗ ਵੋਟਰਾਂ ਤੋਂ ਇਲਾਵਾ 87 ਵੋਟਰ ਜੋ ਕਿ 85 ਸਾਲ ਤੋਂ ਵਧੇਰੇ ਦੀ ਉਮਰ ਦੇ ਹਨ ਨੇ ਘਰ ਤੋਂ ਵੋਟ ਪਾਈ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਹਰੇਕ ਨਾਗਰਿਕ ਨੂੰ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਪਣੇ ਵੋਟ ਦਾ ਇਸਤੇਮਾਲ ਲਾਜ਼ਮੀ ਕਰਨਾ ਚਾਹੀਦਾ ਹੈ।