ਮੰਗਾਂ ਪੂਰੀਆਂ ਕਰਨ ਦਾ ਭਰੋਸਾ ਮਿਲਣ ਮਗਰੋਂ ਹੀ ਚੁੱਕਿਆ ਧਰਨਾ (ETV BHARAT (ਰਿਪੋਟਰ,ਅੰਮ੍ਰਿਤਸਰ)) ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਨੇਤਾ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਅੱਜ ਕਿਸਾਨਾਂ ਵੱਲੋਂ ਥਾਣਾ ਬਿਆਸ ਦੇ ਮੂਹਰੇ ਦਰੀਆਂ ਵਿਛਾ ਕੇ ਧਰਨਾ ਲਗਾ ਵੱਖ-ਵੱਖ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਿਸਾਨ ਨੇਤਾ ਰਨਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਵੇਲੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਬਾਵਜੂਦ ਇਸਦੇ ਇਲਾਕੇ ਵਿੱਚ ਨਸ਼ਾ ਖਤਮ ਹੋਣ ਦੀ ਬਜਾਏ ਵੱਧ ਰਿਹਾ ਹੈ।
ਪੰਜਾਬ ਪੁਲਿਸ ਖਿਲਾਫ ਨਾਅਰੇਬਾਜ਼ੀ
ਨਸ਼ਾ ਵਧਣ ਦੇ ਕਾਰਨ ਇਲਾਕੇ ਵਿੱਚ ਲਗਾਤਾਰ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵੀ ਵੱਧ ਚੁੱਕੀਆਂ ਹਨ। ਜਿਸ ਕਾਰਨ ਆਮ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਚੁੱਕਾ ਹੈ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਥਾਣਾ ਬਿਆਸ ਦੇ ਵਿੱਚ ਪਈਆਂ ਅਨੇਕਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਵਿੱਚ ਬਿਆਸ ਪੁਲਿਸ ਅਸਮਰੱਥ ਦਿਖਾਈ ਦੇ ਰਹੀ ਹੈ। ਜਿਸ ਦੇ ਰੋਸ ਵਜੋਂ ਅੱਜ ਥਾਣਾ ਬਿਆਸ ਦੇ ਮੂਹਰੇ ਰੋਸ ਧਰਨਾ ਦੇ ਕੇ ਪੰਜਾਬ ਪੁਲਿਸ ਦੇ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ ਹੈ।
ਮੰਗਾਂ ਉੱਤੇ ਐਕਸ਼ਨ
ਕਿਸਾਨ ਆਗੂਆਂ ਨੇ ਕਿਹਾ ਕਿ ਥਾਣਾ ਬਿਆਸ ਦੇ ਵਿੱਚ ਮੌਜੂਦ ਡਿਊਟੀ ਅਫਸਰ ਦੇ ਨਾਲ ਮੀਟਿੰਗ ਕਰਕੇ ਉਹਨਾਂ ਵੱਲੋਂ ਡੀਐਸਪੀ ਬਾਬਾ ਬਕਾਲਾ ਸਾਹਿਬ ਦੇ ਨਾਲ 14 ਸਤੰਬਰ ਦੀ ਮੀਟਿੰਗ ਰਖਵਾਈ ਗਈ ਹੈ। ਜਿਸ ਦੇ ਵਿੱਚ ਉਹ ਆਪਣੇ ਤਮਾਮ ਮੁੱਦਿਆਂ ਸਬੰਧੀ ਵਿਚਾਰ ਵਟਾਂਦਰਾ ਕਰਨਗੇ ਅਤੇ ਜੇਕਰ ਉਹਨਾਂ ਦਾ ਹੱਲ ਨਹੀਂ ਹੁੰਦਾ ਤਾਂ ਅਕਤੂਬਰ ਮਹੀਨੇ ਦੇ ਵਿੱਚ ਡੀਐਸਪੀ ਦਫਤਰ ਬਾਬਾ ਬਕਾਲਾ ਸਾਹਿਬ ਦੇ ਮੂਹਰੇ ਪੱਕੇ ਤੌਰ ਦੇ ਉੱਤੇ ਵੱਡਾ ਮੋਰਚਾ ਉਲੀਕਿਆ ਜਾਵੇਗਾ। ਉੱਧਰ ਇਸ ਰੋਸ ਧਰਨੇ ਦੇ ਵਿੱਚ ਮੀਟਿੰਗ ਉਪਰੰਤ ਥਾਣਾ ਬਿਆਸ ਦੇ ਪੁਲਿਸ ਅਧਿਕਾਰੀ ਵੱਲੋਂ ਪੁੱਜ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਉੱਤੇ ਐਕਸ਼ਨ ਕੀਤਾ ਜਾਵੇਗਾ।
ਕੀ ਹਨ ਕਿਸਾਨਾਂ ਦੀਆਂ ਮੰਗਾਂ:-
1. ਪੁਲਿਸ ਪ੍ਰਸ਼ਾਸਨ ਦੀ ਢਿੱਲ ਕਾਰਨ ਇਲਾਕੇ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਇਸ ਨੂੰ ਰੋਕਣ ਲਈ ਪ੍ਰਸ਼ਾਸਨ ਮੁਸਤੈਦੀ ਨਾਲ ਕੰਮ ਕਰੇ ਅਤੇ ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਨੱਥ ਪਾਈ ਜਾਵੇ।
2 ਦਿਨ ਦਿਹਾੜੇ ਲਗਾਤਾਰ ਲੁੱਟਾਂ ਖੋਹਾਂ ਹੋ ਰਹੀਆਂ ਹਨ, ਚੋਰੀ ਕਰਨ ਵਾਲੇ ਗਿਰੋਹ ਬੇਖੌਫ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ। ਇਸ ਨੂੰ ਰੋਕਣ ਲਈ ਪ੍ਰਸ਼ਾਸਨ ਸਖਤ ਕਦਮ ਚੁੱਕੇ ਰਾਤ ਵੇਲੇ ਪੁਲਿਸ ਪਾਰਟੀ ਦੀ ਗਸ਼ਤ ਵਿੱਚ ਵਾਧਾ ਕੀਤਾ ਜਾਵੇ।
3. ਥਾਣਿਆਂ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਨਾਲ ਦੁਰਵਿਹਾਰ ਕਰਨ ਅਤੇ ਰਿਸ਼ਵਤ ਮੰਗੇ ਜਾਣ ਦੇ ਮਸਲੇ ਆਮ ਵੇਖੇ ਜਾ ਰਹੇ ਹਨ। ਇਸ ਨੂੰ ਰੋਕਣ ਲਈ ਸਬੰਧਤ ਅਫਸਰ ਨੋਟਿਸ ਲੈ ਕੇ ਕਾਰਵਾਈ ਕਰਨ।
4. ਬਿਆਸੀ ਦਬਾਅ ਹੇਠ ਨਜਾਇਜ਼ ਪਰਚੇ ਦੀ ਪਰੰਪਰਾ ਬੰਦ ਕੀਤੀ ਜਾਵੇ। ਪੀੜਤ ਧਿਰ ਨੂੰ ਬਿਨਾਂ ਪੱਖਪਾਤ ਕੀਤੇ ਇਨਸਾਫ ਦਵਾਇਆ ਜਾਵੇ।
5. ਇਲਾਕੇ ਵਿਚ ਦਿਨੋ-ਦਿਨ ਵੱਧ ਰਹੇ ਕ੍ਰਾਈਮ ਰੇਟ ਨੂੰ ਧਿਆਨ ਵਿੱਚ ਰੱਖਦਿਆ ਥਾਣੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਪੂਰੀ ਕੀਤੀ ਜਾਵੇ। ਸਕੂਲ ਅਤੇ ਕਾਲਜ ਜਾਣ ਵਾਲੀਆਂ ਬੱਚੀਆਂ ਦੀ ਹਿਫਾਜਤ ਵਾਸਤੇ ਮਹਿਲਾਂ ਅਤੇ ਪੁਰਸ਼ ਅਧਿਕਾਰੀ ਤਾਇਨਾਤ ਕੀਤੇ ਜਾਣ।
6. ਲੰਬੇ ਸਮੇਂ ਤੋਂ ਪਏ ਥਾਣਿਆਂ ਵਿੱਚ ਪਏ ਪੈਡਿੰਗ ਕੇਸਾਂ ਦਾ ਨਿਪਟਾਰਾ ਤਰੰਤ ਕੀਤਾ ਜਾਵੇ।
7. ਇਹਨਾਂ ਸਾਰੀਆਂ ਚੀਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਬੰਧਤ ਅਫਸਰ ਲੋੜੀਂਦੇ ਕਦਮ ਚੁੱਕਣ। ਜੇਕਰ ਆਉਂਦੇ ਦਿਨਾਂ ਵਿਚ ਹਲਾਤ ਇਸ ਪ੍ਰਕਾਰ ਹੀ ਰਹੇ ਤਾਂ ਜਥੇਬੰਦੀ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ।