ਚੰਡੀਗੜ੍ਹ :ਕੇਂਦਰ ਖਿਲਾਫ ਪੰਜਾਬ ਹਰਿਆਣਾ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 39ਵਾਂ ਦਿਨ ਹੋ ਗਿਆ ਹੈ। ਇਹਨਾਂ 39 ਦਿਨਾਂ ਵਿੱਚ ਬਹੁਤ ਕੁਝ ਹੋ ਗਿਆ। ਕਿਸਾਨਾਂ ਦੀ ਹਰਿਆਣਾ ਪੁਲਿਸ ਨਾਲ ਝੜਪ ਤੋਂ ਲੈਕੇ ਕਿਸਾਨਾਂ ਦੀਆਂ ਮੌਤਾਂ ਤੱਕ। ਉਥੇ ਹੀ ਇਹਨਾਂ ਕਿਸਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ ਅੱਜ ਹਿਸਾਰ 'ਚ ਸ਼ਹੀਦ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਸਮੇਤ ਕਈ ਹੋਰ ਕਿਸਾਨ ਆਗੂ ਸ਼ਮੂਲੀਅਤ ਕਰਨਗੇ। 31 ਮਾਰਚ ਨੂੰ ਅੰਬਾਲਾ ਦੀ ਮੋਹੜਾ ਅਨਾਜ ਮੰਡੀ ਵਿੱਚ ਸ਼ਹੀਦਾਂ ਦਾ ਇਕੱਠ ਹੋਣਾ ਹੈ।
ਪਹਿਲਵਾਨ ਬਜਰੰਗ ਪੂਨੀਆ ਵੀ ਸਮਾਗਮ ਚ ਹੋਣਗੇ ਸ਼ਾਮਿਲ: ਉੱਥੇ ਹੀ ਇਸ ਦਿਨ ਦੀ ਖਾਸੀਅਤ ਇਹ ਵੀ ਹੈ ਕਿ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਅੰਤਰਰਾਸ਼ਟਰੀ ਪਹਿਲਵਾਨ ਬਜਰੰਗ ਪੁਨੀਆ ਤੇ ਹੋਰ ਸ਼ਿਰਕਤ ਕਰਨਗੇ।
ਅੱਜ ਹਿਸਾਰ 'ਚ ਮਨਾਇਆ ਜਾ ਰਿਹਾ ਸ਼ਹੀਦੀ ਸਮਾਗਮ, ਕੱਲ੍ਹ ਸ਼ੰਭੂ ਬਾਰਡਰ 'ਤੇ ਪਹੁੰਚਣਗੇ ਪਹਿਲਵਾਨ ਬਜਰੰਗ ਪੁਨੀਆ ਅਸਥੀਆਂ ਲੈਕੇ ਕਿਸਾਨਾਂ ਦੀ ਯਾਤਰਾ ਕਰਨਾਲ ਪਹੁੰਚੀ: ਦੱਸਣਯੋਗ ਹੈ ਕਿ ਸ਼ੰਭੂ ਬਾਰਡਰ ਤੋਂ 6 ਦਿਨ ਪਹਿਲਾਂ ਸ਼ੁਰੂ ਹੋਈ ਅਸਥੀ ਕਲਸ਼ ਯਾਤਰਾ ਪੰਚਕੂਲਾ, ਚੰਡੀਗੜ੍ਹ, ਯਮੁਨਾਨਗਰ ਅਤੇ ਕੁਰੂਕਸ਼ੇਤਰ ਤੋਂ ਹੁੰਦੀ ਹੋਈ ਕਰਨਾਲ ਦੇ ਨੀਲੋਖੇੜੀ ਪਹੁੰਚੀ। ਕਿਸਾਨ ਸਰਕਾਰ 'ਤੇ ਦਬਾਅ ਬਣਾਉਣ ਅਤੇ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਸ਼ੁਭਕਰਨ ਦੀ ਅਸ਼ਟ ਕਲਸ਼ ਯਾਤਰਾ ਕੱਢ ਰਹੇ ਹਨ। ਅੱਜ ਯਾਤਰਾ ਦਾ ਸੱਤਵਾਂ ਦਿਨ ਹੈ। ਕਰਨਾਲ ਤੋਂ ਬਾਅਦ ਕਲਸ਼ ਯਾਤਰਾ ਕੈਥਲ ਅਤੇ ਫਿਰ ਅੰਬਾਲਾ ਜ਼ਿਲ੍ਹੇ 'ਚ 3 ਦਿਨ ਚੱਲੇਗੀ।
ਅੰਦੋਲਨ 'ਚ ਹੁਣ ਤੱਕ ਹੋਏ 14 ਦੀ ਹੋਈ ਮੌਤ :ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 3 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। 17 ਅਤੇ 18 ਮਾਰਚ ਨੂੰ ਵੀ ਕਿਸਾਨ ਅੰਦੋਲਨ ਨਾਲ ਜੁੜੇ ਤਿੰਨ ਕਿਸਾਨਾਂ ਦੀ ਵੱਖ-ਵੱਖ ਕਾਰਨਾਂ ਕਰਕੇ ਮੌਤ ਹੋ ਗਈ ਸੀ। ਇਹਨਾਂ ਵਿੱਚ ਇਕ ਨੌਜਵਾਨ ਕਿਸਾਨ ਸ਼ੂਭਕਰਨ ਸਿੰਘ ਦੀ ਸ਼ਹਾਦਤ ਤੋਂ ਬਾਅਦ ਇਹ ਮਾਮਲਾ ਜ਼ਿਆਦਾ ਭੱਖ ਗਿਆ। ਇਸ ਮਾਮਲੇ 'ਚ ਕਿਸਾਨਾਂ ਨੇ ਹਰਿਆਣਾ ਪੁਲਿਸ 'ਤੇ ਪਰਚਾ ਦਰਜ ਕਰ ਕਤਲ ਕੇਸ ਚਲਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਮੇਤ ਹੋਰ ਕਈ ਮੰਗਾਂ 'ਤੇ ਅੜੇ ਹੋਏ ਹਨ। ਸਰਕਾਰ ਨਾਲ ਹੁਣ ਤੱਕ 4 ਦੌਰ ਦੀ ਗੱਲਬਾਤ ਅਸਫਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਧਰਨੇ ਜਾਰੀ ਰੱਖਣਗੇ।