ਕਪੂਰਥਲਾ:ਪੰਜਾਬੀ ਵਿਅਕਤੀ ਵਿਦੇਸ਼ਾਂ ਨੂੰ ਆਪਣੇ ਸੁਫਨੇ ਪੂਰੇ ਕਰਨ ਜਾਂ ਘਰ ਦੀ ਗਰੀਬੀ ਦੂਰ ਕਰਨ ਲਈ ਜਾਂਦੇ ਹਨ ਪਰ ਉਥੇ ਕਈ ਵਾਰ ਕਿਸੇ ਹਾਦਸੇ ਜਾਂ ਵਾਰਦਾਤ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਤੱਕ ਬਦਲ ਜਾਂਦੀ ਹੈ। ਅਜਿਹਾ ਹੀ ਇੱਕ ਮੰਦਭਾਗਾ ਮਾਮਲਾ ਅਮਰੀਕਾ ਦੇ ਸ਼ਿਕਾਗੋ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਰੋਬਾਰੀ ਨਵੀਨ ਸਿੰਘ ਦੇਰ ਰਾਤ ਸਟੋਰ ਬੰਦ ਕਰਕੇ ਘਰ ਜਾਣ ਲੱਗਾ ਸੀ। ਇਸ ਦੌਰਾਨ ਉਸ ਨੂੰ ਅਮਰੀਕੀ ਮੂਲ ਦੇ ਵਿਅਕਤੀ ਨੇ ਗੋਲੀਆਂ ਮਾਰ ਦਿੱਤੀਆਂ।
ਇਸ ਦੇ ਨਾਲ ਹੀ ਮਿਲੀ ਜਾਣਕਾਰੀ ਅਨੁਸਾਰ 50 ਸਾਲਾ ਮ੍ਰਿਤਕ ਨਵੀਨ ਸਿੰਘ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਲੀਕਰ ਸਟੋਰ ਚਲਾਉਂਦਾ ਸੀ। ਮ੍ਰਿਤਕ ਨਵੀਨ ਸਿੰਘ ਕੂਕਾ ਤਲਵੰਡੀ ਹਾਲ ਵਾਸੀ ਨਡਾਲਾ (ਕਪੂਰਥਲਾ) ਦਾ ਰਹਿਣ ਵਾਲਾ ਸੀ ਅਤੇ ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨਡਾਲਾ ਜਥੇਦਾਰ ਸੂਰਤ ਸਿੰਘ ਦਾ ਜਵਾਈ ਸੀ।