ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸੀ ਲੀਡਰਾਂ ਨੂੰ ਕਿਉਂ ਕਿਹਾ - ਪਹਿਲਾ ਤੋਲੋ, ਫਿਰ ਬੋਲੋ ਅੰਮ੍ਰਿਤਸਰ:ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਅਤੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਥਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਰਾਜਨੀਤੀ ਵਿੱਚ ਧਰਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਨਿਸ਼ਾਨ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ, ਕਈ ਵਾਰ ਅਜਿਹੀਆਂ ਬਿਆਨਬਾਜ਼ੀਆਂ ਦਿੱਤੀਆਂ ਜਾਂਦੀਆਂ ਹਨ ਜਿਸ ਬਾਰੇ ਗਿਆਨ ਨਹੀਂ ਹੁੰਦਾ ਹੈ।
ਪਹਿਲਾਂ ਗ਼ਲਤ ਬੋਲਣਾ, ਫਿਰ ਮੁਆਫੀ ਮੰਗਣੀ:ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਆਸੀ ਲੀਡਰਾਂ ਨੂੰ ਬੜੇ ਧਿਆਨ ਨਾਲ ਬੋਲਣਾ ਚਾਹੀਦਾ ਹੈ, ਜੇਕਰ ਉਨ੍ਹਾਂ ਨੂੰ ਧਰਮ ਬਾਰੇ ਗਿਆਨ ਨਹੀਂ ਹੈ, ਤਾਂ ਉਨ੍ਹਾਂ ਨੂੰ ਨਹੀਂ ਬੋਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਧਰਮ ਦੀ ਮਰਿਆਦਾ ਅਤੇ ਧਰਮ ਬਾਰੇ ਗਿਆਨ ਹੈ, ਤਾਂ ਹੀ ਕੋਈ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਤੋਲ ਕੇ ਬੋਲਣਾ ਚਾਹੀਦਾ ਹੈ, ਪਹਿਲਾਂ ਬੋਲ ਦੇਣਾ ਫੇਰ ਮੁਆਫੀ ਮੰਗ ਲੈਣੀ ਇਹ ਗ਼ਲਤ ਹੈ।
ਇਸ ਤੋਂ ਇਲਾਵਾ,ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਹਨ ਅਤੇ ਲੋਕਤੰਤਰ ਦੇਸ਼ ਦਵਿੱਚ ਹਰੇਕ ਵਿਅਕਤੀ ਨੂੰ ਚੋਣ ਲੜਨ ਦਾ ਅਧਿਕਾਰ ਹੈ। ਅੰਮ੍ਰਿਤਪਾਲ ਸਿੰਘ ਚੌਣ ਲੜ ਰਿਹਾ ਇਹ ਸੰਵਿਧਾਨ ਹੈ, ਹਰ ਕਿਸੇ ਨੂੰ ਹੱਕ ਹੈ।
ਇਨ੍ਹਾਂ ਸਿਆਸੀ ਆਗੂਆਂ ਵਲੋਂ ਗ਼ਲਤ ਟਿੱਪਣੀ: ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਇਸ ਸਮੇਂ ਰਾਜਨੀਤਿਕ ਮਾਹੌਲ ਪੂਰੀ ਤਰੀਕੇ ਪੰਜਾਬ ਵਿੱਚ ਗਰਮਾ ਚੁੱਕਾ ਹੈ ਅਤੇ ਹਰੇਕ ਰਾਜਨੀਤਿਕ ਪਾਰਟੀ ਵੱਲੋਂ ਸਟੇਜਾਂ ਤੋਂ ਵੱਡੇ ਵੱਡੇ ਬਿਆਨ ਦਿੱਤੇ ਜਾ ਰਹੇ ਹਨ ਅਤੇ ਪਿਛਲੇ ਦਿਨੀ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਕਾਂਗਰਸ ਦੇ ਪੰਜੇ ਦੀ ਤੁਲਨਾ ਬਾਬੇ ਨਾਨਕ ਦੇ ਪੰਜੇ ਨਾਲ ਕੀਤੀ ਗਈ ਸੀ।
ਦੂਜੇ ਪਾਸੇ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਵੱਲੋਂ ਵੀ ਬੀਤੇ ਕੱਲ੍ਹ ਇੱਕ ਸਟੇਜ ਤੋਂ ਸਿੱਖ ਧਰਮ ਤੇ ਵਿਵਾਦਿਤ ਟਿੱਪਣੀ ਕੀਤੀ ਗਈ ਸੀ।ਜਿਸ ਦਾ ਵਿਰੋਧ ਹੁੰਦੇ ਸਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਵੱਲੋਂ ਆਪਣੇ ਉਕਤ ਸ਼ਬਦਾਂ ਨੂੰ ਲੈ ਕੇ ਮਾਫੀ ਮੰਗੀ ਗਈ ਹੈ ਤੇ ਨਾਲ ਹੀ ਕਿਹਾ ਗਿਆ ਕਿ ਉਹ ਆਪਣੀ ਗ਼ਲਤੀ ਦੀ ਮੁਆਫੀ ਲਈ ਨੰਗੇ ਪੈਰ ਸ੍ਰੀ ਹਰਿਮੰਦਰ ਸਾਹਿਬ ਜਾਣ ਨੂੰ ਵੀ ਰਾਜ਼ੀ ਹਨ।