ਰੂਪਨਗਰ :ਪੰਜਾਬ ਵਿਚ ਵੱਧ ਰਹੇ ਨਸ਼ੇ ਦੇ ਕਾਰੋਬਾਰ ਨੂੰ ਦੇਖਦੇ ਹੋਏ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਸ਼ਹਿਰ ਮਾਰਚ ਕੱਢਿਆ ਅਤੇ ਸਮਾਗਮ ਕਰਵਾਇਆ ਗਿਆ। ਇਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਡੀ.ਆਈ.ਜੀ ਰੂਪਨਗਰ, ਨਿਲੰਬਰੀ ਜਗਦਲੇ ਵਿਜੇ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਲੀਆਂ ਹਦਾਇਤਾਂ ਅਤੇ ਗੋਰਵ ਯਾਦਵ ਡਾਇਰੈਕਟਰ ਜਨਰਲ ਪੁਲਿਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਿਆਪਕ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ ਆਮ ਲੋਕਾਂ ਦੇ ਸਹਿਯੋਗ ਨਾਲ ਹਰ ਵਰਗ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਨਸ਼ੇ 'ਤੇ ਠੱਲ ਪਾਉਣ ਲਈ ਸਖਤੀ:ਇਸ ਮੌਕੇ ਪੁਲਿਸ ਨੇ ਦੱਸਿਆ ਕਿ ਰੂਪਨਗਰ ਰੇਂਜ ਵਿੱਚ ਪਿਛਲੇ 10 ਦਿਨਾਂ ਦੌਰਾਨ ਐਨ.ਡੀ.ਪੀ.ਐਸ ਐਕਟ ਅਧੀਨ 65 ਐਫ.ਆਈ.ਆਰ ਦਰਜ ਕਰਕੇ 85 ਮੁਜਰਮ ਜੇਲ੍ਹਾਂ ਵਿੱਚ ਡੱਕੇ ਹਨ, ਪਿਛਲੇ 10 ਸਾਲਾਂ ਦੌਰਾਨ ਰੇਂਜ ਵਿੱਚ ਨਸ਼ਿਆਂ ਦੇ ਸੋਦਾਗਰਾਂ ਦੀ 28 ਕਰੋੜ ਰੁਪਏ ਦੀ ਪ੍ਰਾਪਰਟੀ ਫਰੀਜ਼/ਅਟੈਂਚ ਕੀਤੀ ਹੈ। ਨੰਗਲ ਵਿੱਚ ਪ੍ਰਸਾਸ਼ਨ ਅਤੇ ਪੁਲਿਸ ਵੱਲੋਂ ਆਮ ਲੋਕਾਂ ਦੇ ਸਹਿਯੋਗ ਨਾਲ ਆਯੋਜਿਤ ਵਾਕਥੋਨ ਦੌਰਾਨ ਡੀ.ਆਈ.ਜੀ ਰੂਪਨਗਰ ਰੇਂਜ ਨਿਲੰਬਰੀ ਜਗਦਲੇ ਵਿਜੇ ਆਈ.ਪੀ.ਐਸ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਵੱਡੇ ਸੌਦਾਗਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਮੁਹਿੰਮ ਤਹਿਤ ਵੱਡੀਆ ਮੱਛੀਆਂ ਕਾਬੂ ਕੀਤੀਆਂ ਜਾ ਰਹੀਆਂ ਹਨ, ਕਮਰਸ਼ੀਅਲ ਕੋਆਨਟਿਟੀ ਦੇ ਕੇਸ ਵੀ ਫੜ੍ਹੇ ਹਨ ਅਤੇ ਨਸ਼ਿਆਂ ਦੇ ਵਪਾਰੀਆਂ ਦਾ ਪਿਛੋਕੜ ਵੀ ਖੰਗਾਲਿਆਂ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਪ੍ਰਾਪਰਟੀਆਂ ਫਰੀਜ਼/ਅਟੈਚ ਕੀਤੀਆਂ ਹਨ, ਉਨ੍ਹਾਂ ਵਿੱਚ ਵਾਹੀਯੋਗ ਜਮੀਨ, ਟਰੈਕਟਰ, ਟਰਾਲੀ, ਮੋਟਰ ਸਾਈਕਲ ਆਦਿ ਸਪੰਤੀਆਂ ਆਦਿ ਸ਼ਾਮਿਲ ਹਨ। ਉਨ੍ਹਾਂ ਨੇ ਆਮ ਲੋਕਾਂ ਨੂੰ ਇਸ ਵਾਕਥੋਨ ਵਿੱਚ ਸਾਮਿਲ ਹੋਣ ਤੇ ਵਧਾਈ ਦਿੱਤੀ ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਇਸ ਮੁਹਿੰਮ ਵਿੱਚ ਪ੍ਰਸਾਸ਼ਨ ਅਤੇ ਪੁਲਿਸ ਨੂੰ ਭਰਵਾ ਸਹਿਯੋਗ ਦਿੱਤਾ ਹੈ।