ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਕਿਸਾਨਾਂ ਦਾ ਮੋਰਚਾ ਲਗਾਤਾਰ ਜਾਰੀ ਹੈ। ਇਸੇ ਦੇ ਨਾਲ ਹੀ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 20ਵੇਂ ਦਿਨ 'ਚ ਪਹੁੰਚ ਗਿਆ। ਇਸ ਦੌਰਾਨ ਬਾਰਡਰ ਉਤੇ ਵੱਡੀ ਹਿਲਜੁਲ ਵੇਖਣ ਨੂੰ ਮਿਲੀ। ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਖਨੌਰੀ ਬਾਰਡਰ ਉਤੇ ਪਹੁੰਚੇ ਹਨ। ਉਨ੍ਹਾਂ ਨਾਲ ਐਸਐਸਪੀ ਸਣੇ ਕਈ ਸੀਨੀਅਰ ਅਧਿਕਾਰੀ ਪਹੁੰਚੇ, ਇਨ੍ਹਾਂ ਵਿਚ ਕੇਂਦਰ ਸਰਕਾਰ ਨੇ ਅਧਿਕਾਰੀ ਵੀ ਮੌਜੂਦ ਰਹੇ।
ਡੀਜੀਪੀ ਦੀ ਡੱਲੇਵਾਲ ਨਾਲ ਮੁਲਾਕਾਤ
ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਖ਼ਬਰ ਹੁੰਦੀ ਜਾ ਰਹੀ ਹੈ। ਇਸ ਨੂੰ ਲੈ ਕੇ ਸਰਕਾਰ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਡੀਜੀਪੀ ਗੌਰਵ ਯਾਦਵ ਦੇ ਨਾਲ ਕੇਂਦਰ ਦੇ ਅਧਿਕਾਰੀਆਂ ਨੂੰ ਭੇਜਿਆ ਤਾਂ ਜੋ ਡੱਲੇਵਾਲ ਨੂੰ ਮਰਨ ਵਰਤ ਤੋੜਨ ਲਈ ਮਨਾਇਆ ਜਾ ਸਕੇ। ਡੀਜੀਪੀ ਨੇ ਮੀਡੀਆ ਨਾਲ ਗੱਲ ਕਰਦੇ ਆਖਿਆ ਕਿ ਸਰਕਾਰ ਨੂੰ ਡੱਲੇਵਾਲ ਦੀ ਬਹੁਤ ਫ਼ਿਕਰ ਹੈ। ਖੁਦ ਮੁੱਖ ਮੰਤਰੀ ਵੱਲੋਂ ਕੇਂਦਰ ਨਾਲ ਕਈ ਤਰੀਕਿਆਂ ਨਾਲ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਬਹੁਤ ਪ੍ਰਸਿੱਧ ਕਿਸਾਨ ਲੀਡਰ ਨੇ ਅਤੇ ਉਨ੍ਹਾਂ ਦੀਆਂ ਕਈ ਸਿਹਤ ਸਮੱਸਿਆਵਾਂ ਵੀ ਹਨ। ਇਸ ਲਈ ਉਨ੍ਹਾਂ ਦੀ ਸਿਹਤ ਦੀ ਸਭ ਨੂੰ ਫ਼ਿਕਰ ਹੈ।
'ਜਾਨ ਅੰਦੋਲਨ ਨਾਲੋਂ ਵੱਧ ਕੀਮਤੀ'
ਕਾਬਲੇਜ਼ਿਕਰ ਹੈ ਕਿ ਅੰਦੋਲਨ ਦੀ ਸਫਲਤਾ ਵੇਖ ਕੇ ਕਈ ਹੋਰ ਜਥੇਬੰਦੀਆਂ ਨੇ ਮੈਦਾਨ ਵਿਚ ਨਿੱਤਰ ਆਈਆਂ ਹਨ। ਗੁਰਨਾਮ ਸਿੰਘ ਚੜੂਨੀ ਸਣੇ ਹਰਿਆਣੇ ਦੀਆਂ ਕਈ ਜਥੇਬੰਦੀਆਂ ਵੀ ਹੱਕ ਵਿਚ ਆ ਗਈਆਂ ਹਨ। ਦੱਸ ਦਈਏ ਕਿ ਕੱਲ੍ਹ ਕਿਸਾਨ ਆਗੂ (ਡੱਲੇਵਾਲ) ਨੇ ਕਿਹਾ ਕਿ ਉਨ੍ਹਾਂ ਦੀ ਜਾਨ ਨਾਲੋਂ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਜਾਨ ਜ਼ਿਆਦਾ ਕੀਮਤੀ ਸੀ। ਲੋਕਾਂ ਦੇ ਦਰਸ਼ਨਾਂ ਲਈ ਮੁੱਖ ਪੰਡਾਲ ਵਿਚ ਲਿਆਂਦੇ ਡੱਲੇਵਾਲ ਨੇ ਮੰਜੇ ’ਤੇ ਲੰਮੇ ਪਿਆਂ ਹੀ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਕਹਿੰਦੀ ਹੈ ਕਿ ਉਸ ਦੀ ਜਾਨ ਅੰਦੋਲਨ ਨਾਲੋਂ ਵੱਧ ਕੀਮਤੀ ਹੈ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪਿਛਲੇ 25 ਸਾਲਾਂ ਵਿਚ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀਆਂ ਜਾਨਾਂ ਵੱਧ ਕੀਮਤੀ ਸਨ।ਡੱਲੇਵਾਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਸ਼ਹਾਦਤ ਦੇਣ ਵਾਸਤੇ ਤਿਆਰ ਹਨ। ਸੁਪਰੀਮ ਕੋਰਟ ਜੇ ਉਨ੍ਹਾਂ ਦੀ ਜ਼ਿੰਦਗੀ ਪ੍ਰਤੀ ਸੱਚਮੁੱਚ ਗੰਭੀਰ ਹੈ ਤਾਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਹੁਕਮ ਜਾਰੀ ਕਰੇ। ਉਨ੍ਹਾਂ ਕਿਹਾ ਕਿ ਜੇ ਕਿਸਾਨ ਮੋਰਚੇ ’ਚ ਕਿਸੇ ਕਿਸਾਨ ਦੇ ਖ਼ੂਨ ਦੀ ਇਕ ਬੂੰਦ ਵੀ ਵਹਾਈ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਦੀ ਹੋਵੇਗੀ।
ਲਗਾਤਾਰ ਖ਼ਰਾਬ ਹੋ ਰਹੀ ਸਿਹਤ
ਬੀਤੇ ਦਿਨ ਜਦੋਂ ਡੱਲੇਵਾਲ ਵੱਲੋਂ ਧਰਨੇ 'ਚ ਜਾਣ ਅਤੇ ਸੰਗਤ ਦੇ ਦਰਸ਼ਨ ਕਰਨ ਦੀ ਇੱਛਾ ਜਤਾਈ ਗਈ ਤਾਂ ਅਚਾਨਕ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਅਤੇ ਸਾਰੇ ਡਾਕਟਰਾਂ ਨੂੰ ਭਾਜੜਾਂ ਪੈ ਗਈਆਂ ਸਨ। ਉਨ੍ਹਾਂ ਨੂੰ ਅਚਾਨਕ ਚੱਕਰ ਆਇਆ ਤੇ ਬੀਪੀ ਬਹੁਤ ਘੱਟ ਗਿਆ ਸੀ। ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਹੋਰ ਵੀ ਚਿੰਤਾ ਜਤਾਈ ਗਈ ਹੈ ਕਿਉਂਕਿ ਹੁਣ ਡੱਲੇਵਾਲ ਨੇ ਆਪਣਾ ਇਲਾਜ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਹੁਣ ਹਰ ਕੋਈ ਇਹੀ ਇੰਤਜ਼ਾਰ ਕਰ ਰਿਹਾ ਕਿ ਕਦੋਂ ਕਿਸਾਨਾਂ ਅੱਗੇ ਸਰਕਾਰ ਝੁਕੇਗੀ ਅਤੇ ਕਦੋਂ ਇਹ ਮੋਰਚੇ ਸਮਾਪਤ ਹੋਣਗੇ ਤੇ ਡੱਲੇਵਾਲ ਮੁੜ ਤੋਂ ਸਿਹਤਯਾਬ ਹੋਣਗੇ।