ਅੰਤਰ ਜਾਤੀ ਵਿਆਹ ਵਿਵਾਦ (ETV Bharat Bathinda) ਬਠਿੰਡਾ:ਪੰਜਾਬ ਵਿੱਚ ਆਏ ਦਿਨ ਅਪਰਾਧ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿੰਨ੍ਹਾਂ ਨੂੰ ਪੜ੍ਹਨ ਅਤੇ ਸੁਣਨ ਤੋਂ ਬਾਅਦ ਆਮ ਆਦਮੀ ਸਹਿਜ ਨਹੀਂ ਰਹਿ ਪਾਉਂਦਾ ਅਤੇ ਇਸ ਨਾਲ ਆਮ ਇਨਸਾਫ ਦੀ ਸੁਰੱਖਿਆ ਅਤੇ ਸਾਡੇ ਪ੍ਰਸ਼ਾਸਨ ਉਤੇ ਸਵਾਲ ਉੱਠਦੇ ਹਨ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਤਾਜ਼ਾ ਮਾਮਲਾ ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਦਾ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਅੰਤਰਜਾਤੀ ਵਿਆਹ ਕਰਵਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਨੌਜਵਾਨ ਦੇ ਪੂਰੇ ਪਰਿਵਾਰ ਉਤੇ ਰਾਤ ਦੇ ਸਮੇਂ ਇੱਕ ਦਰਜਨ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਹਾਲਾਂਕਿ ਜਖ਼ਮੀਆਂ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਨਵੇਂ ਕਾਨੂੰਨਾਂ ਤਹਿਤ ਇੱਕ ਦਰਜਨ ਦੇ ਕਰੀਬ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਅਨੁਸਾਰ ਇਸ ਤਰ੍ਹਾਂ ਵਾਪਰੀ ਸੀ ਘਟਨਾ: ਪਰਿਵਾਰ ਅਨੁਸਾਰ ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਰਾਤ ਸਮੇਂ ਜਗਰੂਪ ਸਿੰਘ ਦਾ ਪਰਿਵਾਰ ਜਦੋਂ ਸੁੱਤਾ ਪਿਆ ਸੀ, ਤਾਂ ਪਿੰਡ ਦੇ ਹੀ ਕੁਝ ਲੋਕਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਨ੍ਹਾਂ ਉਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਜਗਰੂਪ ਸਿੰਘ, ਉਸ ਦੇ ਮਾਤਾ-ਪਿਤਾ, ਜਗਰੂਪ ਸਿੰਘ ਦਾ ਭਰਾ ਅਤੇ ਭਰਜਾਈ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਖ਼ਮੀਆਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ
ਉਧਰ ਦੂਜੇ ਪਾਸੇ ਤਲਵੰਡੀ ਸਾਬੋ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ, ਜਿੱਥੇ ਡੀਐਸਪੀ ਰਜੇਸ਼ ਸਨੇਹੀ ਨੇ ਖੁਦ ਮੌਕੇ ਉਤੇ ਕੁਝ ਘਟਨਾ ਦਾ ਜਾਇਜ਼ਾ ਲਿਆ। ਉਥੇ ਹੀ ਉਹਨਾਂ ਇਸ ਮਾਮਲੇ ਵਿੱਚ ਇੱਕ ਦਰਜਨ ਦੇ ਕਰੀਬ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਪੀੜਤ ਪਰਿਵਾਰ ਨੇ ਦੱਸਿਆ ਕਿ ਜਗਰੂਪ ਸਿੰਘ ਦੇ ਭਰਾ ਸ਼ਮਸ਼ੇਰ ਸਿੰਘ ਨੇ ਅੰਤਰਜਾਤੀ ਲਵ ਮੈਰਿਜ ਕਰਵਾਈ ਸੀ, ਜਿਸ ਕਾਰਨ ਹਮਲਾਵਰ, ਜੋ ਲੜਕੀ ਦੇ ਰਿਸ਼ਤੇਦਾਰ ਹਨ ਇਸ ਗੱਲ ਤੋਂ ਨਰਾਜ਼ ਸਨ। ਬੀਤੀ ਰਾਤ ਇੱਕ ਦਰਜਨ ਦੇ ਕਰੀਬ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਗਰੂਪ ਸਿੰਘ ਅਤੇ ਸ਼ਮਸ਼ੇਰ ਸਿੰਘ ਦੇ ਸੁੱਤੇ ਪਏ ਪਰਿਵਾਰ ਉਤੇ ਹਮਲਾ ਕੀਤਾ। ਫਿਲਹਾਲ ਉਨ੍ਹਾਂ ਵੱਲੋਂ ਜਖ਼ਮੀਆਂ ਦੇ ਬਿਆਨਾਂ ਦੇ ਅਧਾਰ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।