ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ (Etv Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ:ਜ਼ਿਲ੍ਹੇ ਵਿੱਚ ਆਜ਼ਾਦੀ ਦਿਵਸ ਨੂੰ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਹਨ। 15 ਅਗਸਤ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟੇਡੀਅਮ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਤਿਰੰਗਾ ਲਹਿਰਾਉਣ ਲਈ ਲੁਧਿਆਣਾ ਆਉਣਗੇ ਇਸ ਤੋਂ ਪਹਿਲਾਂ ਅੱਜ ਫੁੱਲ ਡਰੈਸ ਰਹੈਸਲ ਕੀਤੀ ਗਈ ਜਿਸ ਵਿੱਚ ਲੁਧਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼ਾਮਿਲ ਰਹੇ।
ਆਜ਼ਾਦੀ ਦਿਵਸ ਮਨਾਉਣ ਦੀ ਤਿਆਰੀ:ਰਿਹਰਸਲ ਦੌਰਾਨ ਸਕੂਲਾਂ ਦੇ ਬੱਚਿਆਂ ਨੇ ਵਿਸ਼ੇਸ਼ ਕਲਾਕਾਰੀ ਵਿਖਾਈ ਹੈ ਅਤੇ ਸਪੈਸ਼ਲ ਬੱਚਿਆਂ ਵੱਲੋਂ ਰਾਸ਼ਟਰੀ ਗਾਇਨ ਗਾਇਆ ਗਿਆ ਹੈ। ਹਾਲਾਂਕਿ, ਸੂਬਾ ਪੱਧਰੀ ਸਮਾਗਮ ਜਲੰਧਰ ਦੇ ਵਿਖੇ ਕਰਵਾਏ ਜਾ ਰਹੇ ਹਨ, ਜਿੱਥੇ ਮੁੱਖ ਮੰਤਰੀ ਪੰਜਾਬ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਪੀਏਯੂ ਸਟੇਡੀਅਮ ਦੇ ਵਿੱਚ ਅੱਜ ਵਿਦਿਆਰਥੀਆਂ ਨੇ ਜਿੱਥੇ ਆਪਣੇ ਵੱਲੋਂ ਤਿਆਰ ਕੀਤੇ ਗਏ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਉੱਥੇ ਹੀ ਪਰੇਡ ਵੱਲੋਂ ਵੀ ਸਲਾਮੀ ਦਿੱਤੀ ਗਈ।
27 ਸਕੂਲਾਂ ਦੇ ਬੱਚੇ ਲੈਣਗੇ ਹਿੱਸਾ: ਇਸ ਦੌਰਾਨ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਨੇ ਕਿਹਾ ਆਜ਼ਾਦੀ ਦਿਹਾੜੇ ਸਬੰਧੀ ਅੱਜ ਫੁੱਲ ਡਰੈਸ ਰਿਹਰਸਲ ਕੀਤੀ ਗਈ ਹੈ, ਜਿੱਥੇ ਵੱਖ-ਵੱਖ ਪੁਲਿਸ ਦੀਆਂ ਟੁਕੜੀਆਂ ਐਨਸੀਸੀ ਦੇ ਬੱਚਿਆਂ ਨੇ ਪਰੇਡ ਵਿੱਚ ਹਿੱਸਾ ਲਿਆ। ਵਿਸ਼ੇਸ਼ ਤੌਰ ਉੱਤੇ 27 ਸਕੂਲਾਂ ਦੇ ਸੈਂਕੜੇ ਬੱਚੇ, ਜਿਨ੍ਹਾਂ ਵੱਲੋਂ 15 ਅਗਸਤ ਨੂੰ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਜਾਣਾ ਹੈ, ਉਨ੍ਹਾਂ ਵੱਲੋਂ ਭਾਗ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 15 ਅਗਸਤ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੂਰੀ ਤਿਆਰੀ ਹੈ ਅਤੇ ਵਿਸ਼ੇਸ਼ ਤੌਰ ਤੇ 15 ਅਗਸਤ ਨੂੰ ਸਥਾਨਕ ਮੰਤਰੀ ਬਲਕਾਰ ਸਿੰਘ ਲੁਧਿਆਣਾ ਦੇ ਪੀਏਯੂ ਗਰਾਊਂਡ ਵਿੱਚ ਝੰਡਾ ਫਹਿਰਾਉਣਗੇ।
ਸੁਰਖਿਆ ਦੇ ਪੁਖ਼ਤਾ ਪ੍ਰਬੰਧ:ਸੁਰੱਖਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪੁਲਿਸ ਇਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇਜਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੂਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਲੁਧਿਆਣਾ ਦੇ ਵਿੱਚ ਨਾਕੇਬੰਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਮੌਕੇ ਵੈਸੇ ਹੀ ਪੁਲਿਸ ਅਲਰਟ ਉੱਤੇ ਰਹਿੰਦੀ ਹੈ। ਸਾਨੂੰ ਸੀਨੀਅਰ ਅਫਸਰਾਂ ਵੱਲੋਂ ਵੀ ਜੋ ਹਦਾਇਤਾਂ ਦਿੱਤੀਆਂ ਗਈਆਂ ਹਨ, ਉਸ ਮੁਤਾਬਕ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ, ਤਾਂ ਜੋ ਆਜ਼ਾਦੀ ਦਿਹਾੜੇ ਸਮਾਗਮ ਅਮਨੋ ਅਮਾਨ ਨਾਲ ਨੇਪਰੇ ਚੜ ਸਕਣ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਲੋੜੀਂਦਾ ਫੋਰਸ ਮੌਜੂਦ ਹੈ। ਇੱਕ ਦਿਨ ਪਹਿਲਾਂ ਹੀ ਗੱਡੀਆਂ ਦੀ ਚੈਕਿੰਗ ਆਦਿ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਨਤਕ ਥਾਵਾਂ ਉੱਤੇ ਜਿਵੇਂ ਬੱਸ ਸਟੈਂਡ ਰੇਲਵੇ ਸਟੇਸ਼ਨ ਆਦਿ ਉੱਤੇ ਵੀ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ।