ਸੰਗਰੂਰ: ਪੰਜਾਬ ਭਰ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪ੍ਰਸ਼ਾਸਨ ਖੇਤਾਂ ਦੇ ਵਿੱਚ ਜਾ ਕੇ ਖੁਦ ਅੱਗ ਬੁਝਾ ਰਿਹਾ ਹੈ ਅਤੇ ਨਾਲ ਹੀ ਕਿਸਾਨਾਂ ਦੇ ਖਿਲਾਫ ਕਾਰਵਾਈ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਕਿਸਾਨਾਂ ਤੇ ਐਫਆਈਆਰ ਜ਼ਮੀਨ ਤੇ ਰੈਡ ਐਂਟਰੀਆਂ ਅਤੇ ਜਰਮਾਨੇ ਕੀਤੇ ਜਾ ਰਹੇ ਹਨ ਪਰ ਅਜਿਹੇ ਦੇ ਵਿੱਚ ਕੁਝ ਕਿਸਾਨ ਅਜਿਹੇ ਵੀ ਹਨ ਜੋ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਜ਼ਿਲ੍ਹਾ ਸੰਗਰੂਰ ਦੇ ਖੇਤਾਂ ਵਿੱਚ ਗੰਢਾ ਬਣਾ ਕੇ ਪਰਾਲੀ ਚੁੱਕਾਈ ਜਾ ਰਹੀ ਹੈ ਜਾਂ ਫਿਰ ਕਹਿ ਦੇਈਏ ਕਿ ਮਲਚਿੰਗ ਦੇ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ। ਪਰ ਇਸ ਦੇ ਉਲਟ ਕਿਸਾਨਾਂ ਨੂੰ ਇਸ ਦਾ ਖਾਮੀਆਜਾ ਵੀ ਭੁਗਤਣਾਂ ਪੈ ਰਿਹਾ ਹੈ। ਕਿਸਾਨਾਂ ਨੂੰ ਬਹੁਤ ਸਾਰੀਆ ਸਮੱਸਿਆਵਾਂ ਆ ਰਹੀਆਂ ਹਨ।
ਬਿਨਾਂ ਪਰਾਲੀ ਨੂੰ ਅੱਗ ਲਗਾਏ ਬੀਜੀ ਕਣਕ ਨੂੰ ਪੈ ਗਈ ਸੁੰਡੀ (ETV Bharat (ਪੱਤਰਕਾਰ, ਸੰਗਰੂਰ))
ਕਿਸਾਨ ਦਾ ਹੋਇਆ ਵੱਡਾ ਨੁਕਸਾਨ
ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮਨਜੀਤ ਸਿੰਘ ਘਰਾਂਚੋਂ ਨੇ ਦੱਸਿਆ ਹੈ ਕਿ 50% ਤੋਂ ਵੀ ਉੱਪਰ ਕਣਕ ਦੀ ਕੀਤੀ ਹੋਈ ਬਜਾਈ ਨੂੰ ਪੀਲੀ ਸੁੰਡੀ ਪੈ ਗਈ। ਕਿਸਾਨਾਂ ਨੇ ਇਕੱਤਰ ਹੋ ਕੇ ਜਦੋਂ ਖੇਤ ਵਿੱਚੋਂ ਕਣਕ ਦੇ ਉਗਾਏ ਹੋਏ ਪੌਦੇ ਬਾਹਰ ਕੱਢੇ ਗਏ ਤਾਂ ਕਣਕ ਦੇ ਬਗੋਲਿਆਂ ਦੇ ਵਿੱਚ ਸੁੰਡੀ ਪੈ ਚੁੱਕੀ ਸੀ ਅਤੇ ਹੌਲੀ-ਹੌਲੀ ਕਣਕ ਸੁੱਕਣ ਲੱਗ ਪਈ ਹੈ। ਹੁਣ ਕਿਸਾਨ ਵੱਲੋਂ ਦੁਬਾਰਾ ਖੇਤ ਵਿੱਚ ਪਾਣੀ ਲਗਾਇਆ ਜਾ ਰਿਹਾ ਹੈ ਤਾਂ ਜੋ ਦੁਬਾਰਾ ਕਣਕ ਦੀ ਬਿਜਾਈ ਕੀਤੀ ਜਾ ਸਕੇ।
ਸਾਰੀ ਕਣਕ ਨੂੰ ਪੈ ਚੁੱਕੀ ਸੁੰਡੀ
ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਜਮੀਨ 75 ਗਜ਼ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ 'ਤੇ ਲਈ ਹੋਈ ਹੈ। 3 ਏਕੜ ਕਣਕ ਦੇ ਵਿੱਚ ਬੀਜੀ ਹੋਈ ਸਾਰੀ ਕਣਕ ਨੂੰ ਸੁੰਡੀ ਪੈ ਚੁੱਕੀ ਹੈ ਅਤੇ ਉਸ ਨੂੰ ਦੁਬਾਰਾ ਫਿਰ ਤੋਂ ਉਨ੍ਹਾਂ ਹੀ ਖਰਚਾ ਕਰਨਾ ਪਵੇਗਾ। ਕਿਸਾਨ ਯੂਨੀਅਨ ਦੇ ਆਗੂਆਂ ਨੇ ਤਿੱਖੀ ਸ਼ਬਦਾਵਲੀ ਵਿੱਚ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਪ੍ਰਸ਼ਾਸਨ ਸੈਟੇਲਾਈਟ ਰਾਹੀਂ ਅੱਗ ਲੱਗੀ ਦੇਖ ਕੇ ਅੱਗ ਬੁਝਾਉਣ ਆ ਸਕਦਾ ਹੈ ਤਾਂ ਕਿ ਹੁਣ ਉਨ੍ਹਾਂ ਨੂੰ ਖਰਾਬ ਹੁੰਦੀ ਕਣਕ ਦੀ ਫਸਲ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿੰਨਾ ਕਿਸਾਨ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਓਨਾ ਹੀ ਮੁਆਵਜ਼ਾ ਦਿੱਤਾ ਜਾਵੇ ਜਾਂ ਫਿਰ ਸਿੱਧੀ ਬਿਜਾਈ ਕਰਵਾਉਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਜਿਸ ਤਰ੍ਹਾਂ ਕਿਸਾਨਾਂ ਖਿਲਾਫ ਕੀਤੀ ਜਾਂਦੀ ਹੈ।
ਖੇਤੀਬਾੜੀ ਮਹਿਕਮੇ ਨੇ ਝਾੜਿਆ ਪੱਲਾ
ਕਿਸਾਨ ਆਗੂਆਂ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਖੇਤੀਬਾੜੀ ਚੀਫ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਝੋਨੇ ਦੀ ਖੜੀ ਫਸਲ ਵਿੱਚ ਕਣਕ ਦੀ ਬਿਜਾਈ ਕੀਤੀ ਹੋਈ ਹੈ। ਕਿਉਂਕਿ ਇਹ ਕਣਕ ਦੀ ਬਹੁਤ ਅਗੇਤੀ ਫਸਲ ਬੀਜੀ ਹੋਈ ਹੈ, ਜਿਸ ਕਾਰਨ ਇਸ ਨੂੰ ਸੁੰਡੀ ਪੈ ਗਈ ਹੈ। ਜੋ ਕਣਕਾਂ ਹੁਣ ਬੀਜੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗ ਸਕਦੀ। ਕਿਸਾਨਾਂ ਨੇ ਕਿਹਾ ਕਿ ਸਰਕਾਰ ਤਾਂ ਪਹਿਲਾ ਹੀ ਕਿਸਾਨਾਂ ਦੀਆਂ ਜਮੀਨਾਂ ਮਾਰਨ 'ਤੇ ਤੁਲੀ ਹੋਈ ਹੈ। ਹੁਣ ਖੇਤੀਬਾੜੀ ਮਹਿਕਮੇ ਨੇ ਵੀ ਪੱਲਾ ਝਾੜ ਦਿੱਤਾ ਹੈ। ਦੱਸੋ ਹੁਣ ਕਿਸਾਨ ਜਾਵੇ ਤਾਂ ਕਿੱਧਰ ਜਾਵੇ।