ਪਟਿਆਲਾ: ਨਾਭਾ ਬਲਾਕ ਦਾ ਪਿੰਡ ਲੋਹਾਰ ਮਾਜਰਾ ਪੰਜਾਬੀ ਗਾਇਕ ਐਮੀ ਵਿਰਕ ਦੇ ਨਾਮ ਦੇ ਨਾਲ ਮਸ਼ਹੂਰ ਹੈ ਕਿਉਂਕਿ ਐਮੀ ਵਿਰਕ ਇਸੇ ਪਿੰਡ ਦੇ ਜੰਮਪਾਲ ਹਨ ਅਤੇ ਹੁਣ ਇਹ ਪਿੰਡ ਹੋਰ ਵੀ ਮਸ਼ਹੂਰ ਹੋ ਗਿਆ ਹੈ ਕਿਉਂਕਿ ਪਿੰਡ ਲੋਹਾਰ ਮਾਜਰਾ ਦੇ ਲੋਕਾਂ ਵੱਲੋਂ ਸਰਬਸੰਮਤੀ ਦੇ ਨਾਲ ਪੰਜਾਬੀ ਸਿੰਗਰ ਅਤੇ ਅਦਾਕਾਰ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ। ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਪਹਿਲਾਂ ਵੀ ਪਿੰਡ ਦੇ ਵਿੱਚ ਸਮਾਜ ਭਲਾਈ ਦੇ ਕਾਰਜ ਕਰਦੇ ਆ ਰਹੇ ਹਨ ਅਤੇ ਹੁਣ ਪਿੰਡ ਵੱਲੋਂ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਵੱਡੀ ਜਿੰਮੇਵਾਰੀ ਸੌਂਪ ਕੇ ਪਿੰਡ ਦਾ ਸਰਪੰਚ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਹੈ।
ਪਿੰਡ ਵਾਸੀਆਂ ਦਾ ਧੰਨਵਾਦ ਕੀਤਾ
ਇਸ ਮੌਕੇ ਜਿੱਥੇ ਐਮੀ ਵਿਰਕ ਦਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਉੱਥੇ ਹੁਣ ਪਿੰਡ ਵਾਸੀ ਵੀ ਕਾਫੀ ਖੁਸ਼ ਵਿਖਾਈ ਦੇ ਰਹੇ ਹਨ ਕਿਉਂਕਿ ਪਿੰਡ ਲੋਹਾਰ ਮਾਜਰਾ ਐਮੀ ਵਿਰਕ ਦੇ ਨਾਮ ਦੇ ਨਾਲ ਮਸ਼ਹੂਰ ਹੈ ਅਤੇ ਹੁਣ ਉਹਨਾਂ ਦੇ ਪਿਤਾ ਸਰਪੰਚ ਕੁਲਜੀਤ ਸਿੰਘ ਸਮੇਤ ਪੂਰੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ। ਇਸ ਮੌਕੇ ਐਮੀ ਵਿਰਕ ਦੇ ਪਿਤਾ ਸਰਪੰਚ ਕੁਲਜੀਤ ਸਿੰਘ ਨੇ ਕਿਹਾ ਕਿ ਇਹ ਫੈਸਲਾ ਪਿੰਡ ਵਾਸੀਆਂ ਦੇ ਵੱਲੋਂ ਲਿਆ ਗਿਆ। ਅਸੀਂ ਪਹਿਲਾਂ ਵੀ ਪਿੰਡ ਵਿੱਚ ਮੋਹਰੀ ਹੋ ਕੇ ਕੰਮ ਕਰਵਾਏ ਹਨ ਅਤੇ ਹੁਣ ਜੋ ਨਗਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ, ਮੈਂ ਇਸ ਨੂੰ ਤਨਦੇਹੀ ਦੇ ਨਾਲ ਨਿਭਾਵਾਂਗਾ ਅਤੇ ਜੋ ਕੰਮ ਕਰਨ ਵਾਲੇ ਹਨ ਉਨ੍ਹਾਂ ਪਹਿਲ ਦੇ ਅਧਾਰ ਉੱਤੇ ਕਰਵਾ ਕੇ ਨੂੰ ਪਿੰਡ ਦੀ ਨੁਹਾਰ ਬਦਲਾਂਗਾ। ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਮਗਰੋਂ ਐਮੀ ਵਿਰਕ ਨੇ ਵੀ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।