ਚੰਡੀਗੜ੍ਹ: ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਪੇਨ ਦੇ ਸ਼ਹਿਰ ਮੈਡਰਿਡ ਵਿੱਚ ਅੱਜ ਸ਼ੁਰੂ ਹੋਏ ਅੰਤਰਰਾਸ਼ਟਰੀ ਫਿਟੂਰ ਸੈਰ ਸਪਾਟਾ ਸੰਮੇਲਨ ਵਿੱਚ ਸ਼ਿਰਕਤ ਕੀਤੀ ਗਈ ਸੂਬੇ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦੀ ਅਗਵਾਈ ਵਿੱਚ ਪੰਜਾਬ ਰਾਜ ਦੇ ਵਫ਼ਦ ਨੇ ਇਸ ਸੈਰ ਸਪਾਟਾ ਸੰਮੇਲਨ ਵਿੱਚ ਸ਼ਿਰਕਤ ਕੀਤੀ ਹੈ। ਸੰਮੇਲਨ ਦੇ ਪਹਿਲੇ ਦਿਨ ਅੱਜ ਭਾਰਤੀ ਪੈਵੇਲੀਅਨ ਦਾ ਉਦਘਾਟਨ ਅਨਮੋਲ ਗਗਨ ਮਾਨ ਵਲੋਂ ਕੀਤਾ ਗਿਆ।
ਸਨਅਤ ਨਾਲ ਜੁੜੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ : ਇਸ ਮੌਕੇ ਭਾਰਤ ਦੇ ਸਪੇਨ ਵਿੱਚ ਸਫ਼ੀਰ ਦਿਨੇਸ਼ ਕੇ ਪਾਠਕ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਅਤੇ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਰਾਕੇਸ਼ ਕੁਮਾਰ ਪੋਪਲੀ ਅਤੇ ਹਿਮਾਂਸ਼ੂ ਜੈਨ, ਏ.ਸੀ.ਈ.ਉ. ਇਨਵੈਸਟ ਪੰਜਾਬ ਵੀ ਹਾਜ਼ਰ ਸਨ। ਸੰਮੇਲਨ ਦੌਰਾਨ ਅਨਮੋਲ ਗਗਨ ਮਾਨ ਵਲੋਂ ਵੱਖ-ਵੱਖ ਦੇਸ਼ਾਂ ਦੇ ਸੈਰ ਸਪਾਟਾ ਸਨਅਤ ਨਾਲ ਜੁੜੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪੰਜਾਬ ਦੇ ਸੈਰ ਸਪਾਟਾ ਖੇਤਰ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ।