ਸੰਗਰੂਰ: ਧੂਰੀ ਦੇ ਉਵਰ ਬ੍ਰਿਜ ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਸਰਕਾਰੀ ਰੋਡਵੇਜ਼ ਬੱਸ ਨੂੰ ਘੇਰ ਕੇ ਉਸ ਦੀ ਭੰਨਤੋੜ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਡਰਾਇਵਰ ਅਤੇ ਕੰਡਕਟਰ ਦੀ ਵੀ ਕੁੱਟਮਾਰ ਕੀਤੀ ਗਈ। ਇਹ ਦ੍ਰਿਸ਼ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਸੀ, ਜਿੱਥੇ ਇੱਕ ਮਾਮੂਲੀ ਤਕਰਾਰ ਨੂੰ ਲੈ ਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਰੇਆਮ ਬੱਸ ਨੂੰ ਘੇਰ ਕੇ ਭੰਨਿਆ ਗਿਆ। ਬੱਸ ਦਾ ਸਾਹਮਣੇ ਵਾਲਾ ਸ਼ੀਸ਼ਾ ਸਾਰਾ ਭੰਨ ਦਿੱਤਾ ਗਿਆ ਅਤੇ ਕੰਡਕਟਰ ਨੂੰ ਗੁੱਝੀਆਂ ਸੱਟਾਂ ਮਾਰੀਆਂ ਗਈਆਂ।
ਸ਼ਰਾਰਤੀ ਅਨਸਰਾਂ ਨੇ ਬੱਸ ਘੇਰ ਕੇ ਵਰ੍ਹਾਈਆਂ ਲਾਠੀਆਂ (Etv Bharat) ਬੱਸ ਵਿੱਚ ਸਵਾਰੀਆਂ ਵੀ ਸਨ ਮੌਜੂਦ
ਦੱਸ ਦਈਏ ਜਿਸ ਵੇਲੇ ਉਨ੍ਹਾਂ ਵਿਅਕਤੀਆਂ ਨੇ ਬੱਸ 'ਤੇ ਹਮਲਾ ਕੀਤਾ ਉਸ ਸਮੇਂ ਬੱਸ ਦੇ ਵਿੱਚ ਸਵਾਰੀਆਂ ਵੀ ਬੈਠੀਆਂ ਸਨ, ਜਿੰਨਾਂ ਵਿੱਚ ਬਜ਼ੁਰਗ, ਛੋਟੇ ਬੱਚੇ ਵੀ ਸ਼ਾਮਿਲ ਹਨ। ਪਰ ਉਹ ਨੌਜਵਾਨ ਬੇਖੌਫ ਹੋ ਕੇ ਬੱਸ ਦੀ ਭੰਨਤੋੜ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ਡਰਾਈਵਰ ਨਾਲ ਗਾਲੀ-ਗਲੋਚ ਵੀ ਕੀਤੀ।
ਕਾਬੂ ਕਰਕੇ ਸਲਾਖਾਂ ਪਿੱਛੇ ਕੀਤੇ ਸ਼ਰਾਰਤੀ ਅਨਸਰ
ਇਸ ਸੰਬੰਧੀ ਜਾਂਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਸਾਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਅਸੀਂ ਮੌਕੇ ਤੇ ਪਹੁੰਚ ਕੇ ਪੂਰਾ ਮਾਮਲਾ ਅਮਲ ਵਿੱਚ ਲਿਆਂਦਾ। ਉਨ੍ਹਾਂ ਕਿਹਾ ਕਿ ਅਸੀਂ ਕੁਝ ਹੀ ਘੰਟਿਆਂ ਵਿੱਚ ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰ ਕੇ ਸਲਾਖਾਂ ਪਿੱਛੇ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਇਸ ਤੋਂ ਅੱਗੇ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਨ੍ਹਾਂ ਮੁੰਡਿਆਂ ਦੇ ਖਿਲਾਫ ਪਹਿਲਾਂ ਵੀ ਕਿਡਨੈਪਿੰਗ 307 ਵਰਗੀਆਂ ਧਾਰਾਵਾਂ ਦੇ ਇੱਕ ਇੱਕ ਪਰਚੇ ਦਰਜ ਹਨ। ਇਸ ਤੋਂ ਅੱਗੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਇਸਨੂੰ ਚਿਤਾਵਨੀ ਜਾਂ ਫਿਰ ਬੇਨਤੀ ਹੀ ਸਮਝ ਲਓ, ਉਨ੍ਹਾਂ ਕਿਹਾ ਕਿ ਬਤੌਰ ਮੁੱਖ ਅਫਸਰ ਧੂਰੀ ਦਾ ਇਹ ਕਹਿ ਰਿਹਾ ਹਾਂ ਕਿ ਮੈਂ ਆਪਣੇ ਧੂਰੀ ਸ਼ਹਿਰ ਦੇ ਵਿੱਚ ਇਹੋ-ਜਿਹੀ ਕੋਈ ਵੀ ਵਾਰਦਾਤ ਨਹੀਂ ਹੋਣ ਦੇਣੀ, ਜਿਥੇ ਪਬਲਿਕ ਨੂੰ ਪ੍ਰੇਸ਼ਾਨੀ ਹੋਵੇ।