'ਟੂਣਿਆਂ ਦਾ ਇਲਾਜ ਕਰਵਾਉਣ ਲਈ ਮੋਬਾਇਲ ਨੰਬਰ ਜਾਰੀ' ਬਠਿੰਡਾ:ਅੱਜ ਭਾਵੇਂ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਮਨੁੱਖ ਵੱਲੋਂ ਚੰਨ ਤੱਕ ਦਾ ਸਫਰ ਤੈਅ ਕਰ ਲਿਆ ਹੈ, ਪਰ ਭਾਰਤ ਵਿੱਚ ਹਾਲੇ ਵੀ ਕੁਝ ਅਜਿਹੇ ਲੋਕ ਹਨ, ਜੋ ਆਪਣੀਆਂ ਦੁੱਖ ਤਕਲੀਫਾਂ ਦੂਰ ਕਰਨ ਲਈ ਚੌਂਕਾਂ-ਚੁਰਾਹਿਆਂ, ਸੜਕਾਂ ਅਤੇ ਨਦੀ ਕਿਨਾਰੇ ਟੂਣਾ ਕਰਦੇ ਹਨ। ਟੂਣੇ ਨੂੰ ਲੈ ਕੇ ਸਮਾਜ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਦੇਖਣ ਨੂੰ ਮਿਲਦੀਆਂ ਹਨ ਅਤੇ ਕੁਝ ਲੋਕਾਂ ਵੱਲੋਂ ਇਸ ਨੂੰ ਅੰਧ ਵਿਸ਼ਵਾਸ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ।
ਮੋਬਾਇਲ ਨੰਬਰ ਜਾਰੀ :ਬਠਿੰਡਾ ਦੇ ਰਹਿਣ ਵਾਲੇ ਦੋ ਦੋਸਤ ਰਾਜਨ ਸਿੰਘ ਭਾਊ ਅਤੇ ਗੁਰਸ਼ਰਨ ਸਿੰਘ ਵੱਲੋਂ ਚੌਂਕ, ਚੁਰਾਹੇ, ਨਹਿਰ ਕਿਨਾਰੇ ਕੀਤੇ ਜਾਂਦੇ ਟੂਣੇ ਨੂੰ ਚੁੱਕਣ ਲਈ ਬਕਾਇਦਾ ਆਪਣਾ ਮੋਬਾਇਲ ਨੰਬਰ ਜਾਰੀ ਕੀਤਾ ਹੋਇਆ ਹੈ ਅਤੇ ਲੋਕਾਂ ਨੂੰ ਇਸ ਅੰਧ ਵਿਸ਼ਵਾਸ ਵਿੱਚੋਂ ਕੱਢਣ ਲਈ ਵਿਸ਼ੇਸ਼ ਤੌਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ। ਰਾਜਨ ਸਿੰਘ ਭਾਊ ਅਤੇ ਗੁਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਕਿਸੇ ਮਨੁੱਖ ਦੁਆਰਾ ਕਿਸੇ ਦੂਸਰੇ ਮਨੁੱਖ ਦੀਆਂ ਤਕਲੀਫਾਂ ਕਦੇ ਵੀ ਟੂਣੇ ਟੱਪਿਆਂ ਨਾਲ ਦੂਰ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਜਿਹੜੇ ਲੋਕਾਂ ਦਾ ਮੰਨਣਾ ਹੈ ਕਿ ਟੂਣੇ ਕਰਨ ਨਾਲ ਉਨ੍ਹਾਂ ਦਾ ਜੀਵਨ ਸੌਖਾ ਹੋ ਜਾਵੇਗਾ, ਤਾਂ ਅਜਿਹਾ ਕੁਝ ਨਹੀਂ ਹੈ।
ਕਿਉ ਲੈ ਰਹੇ ਫੀਸ: ਅਕਸਰ ਲੋਕਾਂ ਵੱਲੋਂ ਟੂਣੇ ਵਾਲੀ ਥਾਂ ਜਾਣ ਤੋਂ ਗਰੇਜ਼ ਕੀਤਾ ਜਾਂਦਾ ਹੈ, ਪਰ ਉਨਾਂ ਵੱਲੋ ਜਿੱਥੇ ਟੂਣਾ ਚੁੱਕਣ ਦੀ ਫੀਸ ਲਈ ਜਾਂਦੀ ਹੈ, ਉੱਥੇ ਹੀ ਟੂਣੇ ਵਿੱਚ ਮਿਲਣ ਵਾਲੇ ਸਮਾਨ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਟੂਣੇ ਵਿੱਚ ਮਿਲਣ ਵਾਲੇ ਖਾਣ ਪੀਣ ਦੇ ਸਮਾਨ ਨੂੰ ਉਹ ਖੁਦ ਪ੍ਰਯੋਗ ਕਰਦੇ ਹਨ ਅਤੇ ਮਿਲਣ ਵਾਲੀਆਂ ਵਸਤਾਂ ਨੂੰ ਆਪਣੇ ਘਰ ਲੈ ਕੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਟੂਣੇ ਕਰਨ ਨਾਲ ਕਿਸੇ ਦੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੁੰਦਾ, ਇਹ ਸਿਰਫ ਅੰਧ ਵਿਸ਼ਵਾਸ ਹੈ, ਲੋਕਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਅਤੇ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।
ਵਿਅੰਗਮਈ ਤਰੀਕੇ ਨਾਲ ਅਪੀਲ : ਰਾਜਨ ਸਿੰਘ ਤੇ ਗੁਰਸ਼ਰਨ ਸਿੰਘ ਨੇ ਕਿਹਾ ਕਿ ਟੂਣੇ ਚੁੱਕਣ ਦੀ ਫੀਸ ਇਸ ਲਈ ਲੈਂਦੇ ਹਨ ਕਿ ਕੁਝ ਲੋਕ ਉਨ੍ਹਾਂ ਨੂੰ ਪਰੇਸ਼ਾਨ ਕਰਨ ਲਈ ਵਾਰ-ਵਾਰ ਫੋਨ ਕਰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਵਿਅੰਗਮਈ ਤਰੀਕੇ ਨਾਲ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਟੂਣੇ ਕਰਨੇ ਹੀ ਹਨ, ਤਾਂ ਪ੍ਰਮਾਤਮਾ ਤੋਂ ਆਪਣੀ ਇੱਛਾ ਪੂਰੀ ਕਰਵਾਉਣੀ ਹੈ, ਤਾਂ ਟੂਣੇ ਵਿੱਚ ਬਰਾਂਡੇਂਡ ਸਮਾਨ ਰੱਖਿਆ ਕਰੋ, ਤਾਂ ਜੋ ਉਹ ਉਨ੍ਹਾਂ ਦੇ ਕੰਮ ਆ ਸਕੇ। ਇਸ ਤੋਂ ਇਲਾਵਾ 10-20 ਰੁਪਏ ਦੀ ਥਾਂ ਜ਼ਿਆਦਾ ਪੈਸੇ ਰੱਖਿਆ ਕਰੋ, ਜਿੰਨੀ ਵੱਡੀ ਪ੍ਰਮਾਤਮਾ ਤੋਂ ਟੂਣੇ ਕਰਦੇ ਸਮੇਂ ਮੰਗ ਕੀਤੀ ਜਾਂਦੀ ਹੈ, ਘੱਟੋ-ਘੱਟ ਉੰਨੇ ਤਾਂ ਪੈਸੇ ਰੱਖੋ, ਤਾਂ ਜੋ ਕਿਸੇ ਦੇ ਕੰਮ ਆ ਸਕਣ।