2 ਬੱਚਿਆਂ ਦੀ ਮਾਂ ਵਲੋਂ ਇਨਸਾਫ ਦੀ ਮੰਗ ਅੰਮ੍ਰਿਤਸਰ:ਹਲਕਾ ਅਟਾਰੀ ਅਧੀਨ ਆਉਂਦੇ ਕਸਬਾ ਲੋਪੋਕੇ ਦੀ ਰਹਿਣ ਵਾਲੀ ਕਵਲਜੀਤ ਕੌਰ ਨੇ ਆਪਣੇ ਪਤੀ ਉੱਤੇ ਦੂਜਾ ਵਿਆਹ ਕਰਵਾਉਣ ਦੇ ਇਲਜ਼ਾਮ ਲਗਾਏ ਜਿਸ ਦੀ ਕਿਸੇ ਨੂੰ ਖਬਰ ਵੀ ਨਹੀਂ ਸੀ। ਸਾਨੂੰ ਕਿਸੇ ਕੋਲੋਂ ਪਤਾ ਲੱਗਾ, ਤਾਂ ਅਸੀਂ ਜਾ ਕੇ ਦੇਖਿਆ ਤਾਂ ਪਹਿਲਾਂ ਗੁਰੂ ਘਰ ਅਤੇ ਫਿਰ ਇੱਕ ਪੈਲੇਸ ਵਿੱਚ ਵਿਆਹ ਦੀਆਂ ਰਸਮਾਂ ਹੋਈਆਂ। ਬਿਨਾਂ ਤਲਾਕ ਲਏ ਪਤੀ ਨੇ ਦੂਜਾ ਵਿਆਹ ਕਰਵਾਇਆ ਹੈ। ਉਸ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ ਅਤੇ 2 ਬੱਚੇ ਹਨ।
ਉਸ ਨੇ ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ, ਡੀ.ਆਈ.ਜੀ ਬਾਰਡਰ ਰੇਂਜ, ਡੀ.ਐਸ.ਪੀ ਅਟਾਰੀ ਸਣੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਦੀਆਂ ਕਾਪੀਆਂ ਭੇਜਦਿਆ ਆਪਣੇ ਨਾਲ ਹੋ ਰਹੀ ਬੇਇਨਸਾਫੀ ਖਿਲਾਫ ਇਨਸਾਫ ਦੀ ਗੁਹਾਰ ਲਗਾਈ ਹੈ।
10 ਸਾਲ ਪਹਿਲਾਂ ਹੋਇਆ ਸੀ ਵਿਆਹ:ਇਸ ਸਬੰਧੀ ਇਲਜ਼ਾਮ ਲਗਾਉਂਦੇ ਹੋਏ ਕਵਲਜੀਤ ਕੌਰ ਨੇ ਦੱਸਿਆ ਕਿ 2013 ਵਿੱਚ ਉਸ ਦਾ ਵਿਆਹ ਰਾਕੇਸ਼ ਸਿੰਘ ਵਾਸੀ ਰਾਜਾਸਾਂਸੀ ਨਾਲ ਹੋਇਆ ਸੀ,ਪਰ ਮੇਰਾ ਸਹੁਰਾ ਪਰਿਵਾਰ ਮੈਨੂੰ ਆਨੇ ਬਹਾਨੇ ਤੰਗ ਪਰੇਸ਼ਾਨ ਕਰਨ ਲੱਗਾ ਤੇ ਮੇਰੀ ਕੁੱਟਮਾਰ ਕਰਕੇ ਦਾਜ ਦੀ ਮੰਗ ਕੀਤੀ। ਅਖੀਰ ਉਹ ਆਪਣੇ ਛੋਟੇ ਬੇਟੇ ਨਾਲ 30 ਮਈ, 2020 ਨੂੰ ਆਪਣੇ ਪੇਕੇ ਘਰ ਚਲੀ ਗਈ। ਜਦਕਿ, ਦੂਜਾ ਬੇਟਾ ਮੇਰੇ ਸਹੁਰੇ ਪਰਿਵਾਰ ਨੇ ਰੱਖ ਲਿਆ ਜਿਸ ਦਾ ਕੇਸ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤਰ 8 ਸਾਲ, ਜਦਕਿ ਛੋਟਾ ਪੁੱਤਰ 7 ਸਾਲ ਦਾ ਹੈ।
ਹੁਣ ਬਿਨਾਂ ਤਲਾਕ ਲਏ ਪਤੀ ਨੇ ਦੂਜਾ ਵਿਆਹ ਕਰਵਾਇਆ: ਕਵਲਜੀਤ ਨੇ ਕਿਹਾ ਕਿ ਅਜੇ ਕੇਸ ਅਦਾਲਤ ਵਿੱਚ ਪੈਂਡਿੰਗ ਹੈ ਅਤੇ ਬਿਨਾਂ ਤਲਾਕ ਲਏ ਮੇਰੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ। ਇਸ ਸਬੰਧੀ ਜਦੋਂ ਸਾਡੇ ਪਰਿਵਾਰ ਨੂੰ ਇਸ ਸਬੰਧੀ ਇਤਲਾਹ ਮਿਲੀ ਤਾਂ ਅਸੀਂ ਉੱਥੇ ਗਏ ਤਾਂ ਮੇਰੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਸਾਡੇ ਨਾਲੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਲਟਾ ਮੇਰੇ ਪੇਕੇ ਪਰਿਵਾਰ ਉੱਤੇ ਪਰਚਾ ਦਰਜ ਕਰਵਾ ਦਿੱਤਾ। ਹੁਣ ਮੇਰਾ ਸਹੁਰਾ ਪਰਿਵਾਰ ਉਕਤ ਕੇਸ ਵਾਪਸ ਲੈਣ ਲਈ ਦਬਾਅ ਬਣਾ ਰਿਹਾ ਹੈ। ਮੈਂ ਆਪਣੇ ਛੋਟੇ ਬੇਟੇ ਨਾਲ ਪੇਕੇ ਘਰ ਰਹਿ ਰਹੀ ਹਾਂ, ਪਰ ਮੇਰੇ ਸਹੁਰੇ ਪਰਿਵਾਰ ਵੱਲੋਂ ਮੈਨੂੰ ਕੋਈ ਖ਼ਰਚਾ ਨਹੀਂ ਦਿੱਤਾ ਜਾ ਰਿਹਾ। ਦਰਖਾਸਤ ਵਿੱਚ ਉਨ੍ਹਾਂ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਖਿਲਾਫ ਇਨਸਾਫ ਦੀ ਮੰਗ ਕੀਤੀ ਹੈ।