ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਵੱਲੋਂ ਭੰਡਾਰੀ ਪੁੱਲ ਜਾਮ ਕਰਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਅੱਜ ਭੰਡਾਰੀ ਪੁੱਲ ਉੱਤੇ ਪੁੱਜੇ। ਉਹਨਾਂ ਦੇ ਵੱਲੋਂ ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ।
ਭੰਡਾਰੀ ਪੁਲ ਕੀਤਾ ਜਾਮ
ਕਿਸਾਨਾਂ ਨੇ ਅੰਮ੍ਰਿਤਸਰ ਦਾ ਭੰਡਾਰੀ ਪੁੱਲ ਕੀਤਾ ਜਾਮ (ETV BHARAT PUNJAB (ਰਿਪੋਟਰ,ਲੁਧਿਆਣਾ)) ਇਸ ਮੌਕੇ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੱਲ ਇੱਕ ਕੋਠੀ ਦੀ ਕੁਰਕੀ ਦੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਕਿਹਾ ਗਿਆ ਕਿ ਇਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਣਾ ਹੈ। ਕੋਈ ਕਿਸਾਨਾਂ ਨੂੰ ਅੱਤਵਾਦੀ ਕਹਿੰਦਾ ਹੈ ਅਤੇ ਕੋਈ ਕਿਸਾਨਾਂ ਨੂੰ ਡਾਕੂ ਕਹਿੰਦਾ ਹੈ। ਇਸ ਤੋਂ ਬਾਅਦ ਪੁਲਿਸ ਦੇ ਜ਼ਬਰ ਵਿਰੁੱਧ ਕਿਸਾਨ ਭੰਡਾਰੀ ਪੁੱਲ ਉੱਤੇ ਇਕੱਠੇ ਹੋਏ ਅਤੇ ਜਾਮ ਲਗਾ ਦਿੱਤਾ।
'ਪੁਲਿਸ ਨੇ ਕੀਤੀ ਗੁੰਡਾਗਰਦੀ'
ਕਿਸਾਨ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਤਹਿਸੀਲਦਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਸੀ। ਉਹਨਾਂ ਕਿਹਾ ਕਿ ਕੋਰੋਨਾ ਕਾਲ ਦੇ ਵਿੱਚ ਹਜ਼ਾਰਾਂ ਲੋਕਾਂ ਦਾ ਕਾਰੋਬਾਰ ਠੱਪ ਹੋਇਆ ਅਤੇ ਲੋਕ ਆਪਣੇ ਘਰਾਂ ਵਿੱਚ ਬੈਠ ਗਏ ਸਨ। ਜਿਸ ਦੇ ਚਲਦੇ ਲੋਕਾਂ ਵੱਲੋਂ ਜੋ ਬੈਂਕਾਂ ਕੋਲੋਂ ਕਰਜ਼ਾ ਲਿਆ ਗਿਆ ਸੀ ਉਸ ਦੀਆਂ ਕਿਸ਼ਤਾਂ ਵੀ ਟੁੱਟ ਗਈਆਂ ਅਤੇ ਹੁਣ ਬੈਂਕ ਵੱਲੋਂ ਗੱਲ ਨੂੰ ਨਾ ਸਮਝਦੇ ਹੋਏ ਧੱਕੇ ਨਾਲ ਕੁਰਕੀ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਵੱਲੋਂ ਕੁਰਕੀ ਦੇ ਆਦੇਸ਼
ਕਿਸਾਨਾਂ ਮੁਤਾਬਿਕ ਪੁਲਿਸ ਪ੍ਰਸ਼ਾਸਨ ਅਤੇ ਤਹਿਸੀਲਦਾਰ ਦਾ ਕਹਿਣਾ ਸੀ ਕਿ ਇਹ ਹਾਈਕੋਰਟ ਦੇ ਆਦੇਸ਼ ਹਨ। ਜਿਸ ਦੀ ਕੋਠੀ ਅਤੇ ਦੁਕਾਨਾਂ ਦੀ ਕੁਰਕੀ ਦੇ ਆਦੇਸ਼ ਜਾਰੀ ਕੀਤੇ ਸਨ ਉਸ ਦੀ ਕੋਈ ਵੀ ਕਾਪੀ ਪੀੜਤਾਂ ਨੂੰ ਨਹੀਂ ਦਿੱਤੀ ਗਈ, ਜਦ ਕਿ ਉਸ ਨੂੰ ਵੀ ਇਹ ਕਾਪੀ ਦੇਣੀ ਚਾਹੀਦੀ ਸੀ, ਉਸ ਨੂੰ ਪਤਾ ਵੀ ਨਹੀਂ ਕਿ ਉਸਦੀ ਕੋਠੀ ਦੀ ਕੁਰਕੀ ਕੀਤੀ ਜਾ ਰਹੀ ਹੈ। ਜਬਰਦਸਤੀ ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੁਰਕੀ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਜਦੋਂ ਕਿਸਾਨ ਪੀੜਤਾਂ ਦੇ ਹੱਕ ਵਿੱਚ ਪੁੱਜੇ ਤਾਂ ਕਿਸਾਨਾਂ ਦੇ ਨਾਲ ਵੀ ਬਦਸਲੂਕੀ ਕੀਤੀ ਗਈ ਅਤੇ ਉਹਨਾਂ ਨੂੰ ਬਾਹੋਂ ਫੜ ਕੇ ਗੱਡੀਆਂ ਵਿੱਚ ਸੁੱਟਿਆ ਗਿਆ। ਜਿਸ ਦੇ ਚਲਦੇ ਅੱਜ ਸਾਰੇ ਕਿਸਾਨ ਭੰਡਾਰੀ ਪੁੱਲ ਉੱਤੇ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ।