ਵੇਖੋ ਈਵੀਐਮ ਤੋਂ ਕਿਵੇਂ ਪਾਈਏ ਵੋਟ, ਵੀਵੀਪੈਟ ਦਾ ਕੀ ਹੈ ਫੰਕਸ਼ਨ ਲੁਧਿਆਣਾ:ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਸਿਆਸੀ ਗਲਿਆਰਿਆਂ ਵਿੱਚ ਤਿਆਰੀਆਂ ਚੱਲ ਰਹੀਆਂ ਹਨ, ਉੱਥੇ ਹੀ, ਪੰਜਾਬ ਚੋਣ ਕਮਿਸ਼ਨ ਵਲੋਂ ਵੀ 'ਇਸ ਵਾਰ 70 ਪਾਰ' ਵੋਟ ਫੀਸਦੀ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਲਈ ਲੋਕਾਂ ਨੂੰ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਈਵੀਐਮ ਰਾਹੀਂ ਵੋਟ ਕਿਵੇਂ ਪਾਉਣੀ ਹੈ, ਇਸ ਦਾ ਡੈਮੋ ਵੀ ਦਿੱਤਾ ਜਾ ਰਿਹਾ ਹੈ। ਵੋਟਾਂ ਵਾਲੇ ਦਿਨ ਪੋਲਿੰਗ ਬੂਥ ਵਿੱਚ ਕਿਸ ਤਰ੍ਹਾਂ ਵੋਟ ਕਾਸਟ ਕੀਤੀ ਜਾਂਦੀ ਹੈ, ਇਸ ਸਬੰਧੀ ਲਗਾਤਾਰ ਲੋਕਾਂ ਨੂੰ ਜਾਗਰੂਕ (Voter Verifiable Paper Audit Trail) ਕੀਤਾ ਜਾ ਰਿਹਾ ਹੈ।
ਵਿਸ਼ੇਸ਼ ਤੌਰ ਉੱਤੇ ਈਵੀਐਮ ਦੇ ਡੈਮੋ ਲੋਕਾਂ ਨੂੰ ਦਿੱਤੇ ਜਾ ਰਹੇ ਹਨ, ਤਾਂ ਕਿ ਵੋਟਾਂ ਵਾਲੇ ਦਿਨ ਉਹ ਕਿਸੇ ਵੀ ਤਰ੍ਹਾਂ ਦੀ ਦੁਚਿੱਤੀ ਵਿੱਚ ਨਾ ਰਹਿਣ ਕਿ ਉਹ ਕਿਸ ਤਰ੍ਹਾਂ ਆਪਣੀ ਵੋਟ ਦੇ ਇਸਤੇਮਾਲ ਕਰਨ। ਲਗਾਤਾਰ ਇਸ ਸਬੰਧੀ ਜ਼ਿਲ੍ਹਾਂ ਪੱਧਰ ਉੱਤੇ ਕੈਂਪ ਲਗਾ ਕੇ ਲੋਕਾਂ ਨੂੰ ਕਿਸ ਤਰ੍ਹਾਂ ਵੋਟ ਪਾਈ ਜਾਂਦੀ ਹੈ ਅਤੇ ਈਵੀਐਮ ਕਿਸ ਤਰ੍ਹਾਂ ਕੰਮ ਕਰਦੀ ਹੈ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਨਵੇਂ ਵੋਟਰਾਂ ਲਈ ਖਾਸ ਉਪਰਾਲਾ: ਈਟੀਵੀ ਭਾਰਤ ਦੀ ਟੀਮ ਵੱਲੋਂ ਵੀ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵਿਸ਼ੇਸ਼ ਤੌਰ ਉੱਤੇ ਚੋਣ ਕਮਿਸ਼ਨ ਦੇ ਏਜੰਟ ਵੱਲੋਂ ਲੋਕਾਂ ਨੂੰ ਵੋਟ ਕਾਸਟ ਕਰਨ ਬਾਰੇ ਦਿੱਤੀ ਜਾ ਰਹੀ ਜਾਣਕਾਰੀ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਦੱਸਿਆ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਬੇਹਦ ਸੁਰੱਖਿਆ ਢੰਗ ਹੈ ਜਿਸ ਨਾਲ ਤੁਸੀਂ ਆਪਣੀ ਵੋਟ ਕਾਸਟ ਕਰ (Function Of EVM and VVPat) ਸਕਦੇ ਹੋ। ਉਨ੍ਹਾਂ ਨੇ ਲਾਈਵ ਡੈਮੋ ਦੇ ਕੇ ਦੱਸਿਆ ਕਿ ਕਿਸ ਤਰ੍ਹਾਂ ਵੋਟਾਂ ਪਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਵੋਟਰਾਂ ਦੇ ਜ਼ਹਿਨ ਵਿੱਚ ਅਕਸਰ ਹੀ ਇਹ ਰਹਿੰਦਾ ਹੈ ਕਿ ਕਿਸ ਤਰ੍ਹਾਂ ਵੋਟਿੰਗ ਵਾਲੇ ਦਿਨ ਵੋਟ ਪਾਉਣੀ ਹੈ, ਤਾਂ ਇਸ ਕਰਕੇ ਉਨ੍ਹਾਂ ਦੇ ਵੋਟ ਪਾਉਣ ਦੇ ਢੰਗ ਨੂੰ ਹੋਰ ਸੌਖਾ ਬਣਾਉਣ ਲਈ ਇਹ ਕੈਂਪ ਲਗਾਏ ਜਾ ਰਹੇ ਹਨ।
ਇੰਝ ਕਰਦੀ ਹੈ ਈਵੀਐਮ ਕੰਮ :ਇਸ ਦੌਰਾਨ ਚੋਣ ਕਮਿਸ਼ਨ ਦੇ ਏਜੰਟ ਨੇ ਈਟੀਵੀ ਭਾਰਤ ਦੀ ਟੀਮ ਨੂੰ ਦੱਸਿਆ ਕਿ ਕਿਸ ਤਰ੍ਹਾਂ ਪਹਿਲਾਂ ਕੰਟਰੋਲ ਯੂਨਿਟ ਤੋਂ ਬੈਲਟ ਮੁਹਈਆ ਕਰਵਾਇਆ ਜਾਂਦਾ ਹੈ ਜਿਸ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਵਿੱਚ ਆਪਣੇ ਪਸੰਦੀਦਾ ਰਾਜਨੀਤਿਕ ਪਾਰਟੀ ਨੂੰ ਜਾਂ ਫਿਰ ਨੋਟਾਂ ਨੂੰ ਨੱਪ ਕੇ ਤੁਸੀਂ ਆਪਣੀ ਵੋਟ ਕਾਸਟ ਕਰ ਸਕਦੇ ਹੋ। ਉਸ ਤੋਂ ਬਾਅਦ ਬੀਪ ਦੀ ਆਵਾਜ਼ ਆਏਗੀ ਅਤੇ ਜਿਸ ਪਾਰਟੀ ਅੱਗੇ ਤੁਸੀਂ ਬਟਨ ਨਪੋਗੇ, ਉਸ ਅੱਗੇ ਲਾਲ ਰੰਗ ਦੀ ਲਾਈਟ ਵੀ ਜਗੇਗੀ। ਇਸ ਤੋਂ ਬਾਅਦ ਵੀਵੀ ਪੈਟ ਮਸ਼ੀਨ ਉੱਤੇ ਇੱਕ ਪਰਚੀ ਸਕ੍ਰੀਨ ਉੱਤੇ ਡਿਸਪਲੇ ਹੋਵੇਗੀ ਜਿਸ ਵਿੱਚ ਤੁਸੀਂ ਵੇਖ ਸਕੋਗੇ ਕਿ ਤੁਸੀਂ ਕਿਸ ਨੂੰ ਵੋਟ ਕਾਸਟ ਕੀਤੀ ਹੈ। ਉਸ ਸਬੰਧਿਤ ਪਾਰਟੀ ਦਾ ਲੋਗੋ ਜਾ ਚੋਣ ਚਿੰਨ ਉਸ ਉੱਤੇ ਪ੍ਰਕਾਸ਼ਿਤ ਹੋ ਜਾਵੇਗਾ। ਜਿਸ ਨਾਲ ਤੁਹਾਡੀ ਵੋਟ ਕਿਸ ਪਾਰਟੀ ਨੂੰ ਪਈ ਹੈ ਇਸ ਸਬੰਧੀ ਤੁਹਾਨੂੰ ਜਾਣਕਾਰੀ ਉਸੇ ਵਕਤ ਮੁਹਈਆ ਹੋ ਸਕੇਗੀ।
ਨੌਜਵਾਨਾਂ ਵਿੱਚ ਕੈਂਪ ਨੂੰ ਲੈ ਕੇ ਵੱਧ ਜਾਗਰੂਕਤਾ:ਇਸ ਦੌਰਾਨ ਹੋਰ ਜਾਣਕਾਰੀ ਦੇ ਰਹੇ ਚੋਣ ਕਮਿਸ਼ਨ ਦੇ ਏਜੰਟ ਨੇ ਦੱਸਿਆ ਕਿ ਰੋਜ਼ਾਨਾ ਕਾਫੀ ਲੋਕ ਇਸ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਆਉਂਦੇ ਹਨ। ਕਈ ਲੋਕ ਆਪਣੀ ਰਜਿਸਟ੍ਰੇਸ਼ਨ ਵੀ ਕਰਵਾਉਂਦੇ ਹਨ, ਪਰ ਕਈ ਬਿਨਾਂ ਰਜਿਸਟ੍ਰੇਸ਼ਨ ਕਰਵਾਏ ਜਾਣਕਾਰੀ ਲੈ ਕੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਨੌਜਵਾਨਾਂ ਵਿੱਚ ਉਕਸੁਕਤਾ ਰਹਿੰਦੀ ਹੈ ਕਿ ਉਹ ਵੇਖ ਸਕਣ ਕਿ ਆਪਣੀ ਵੋਟ ਦਾ ਇਸਤੇਮਾਲ ਕਿਵੇਂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਕਾਫੀ ਲੋਕ ਇਸ ਬਾਰੇ ਜਾਣਕਾਰੀ ਹਾਸਿਲ ਕਰਦੇ ਹਨ ਅਤੇ ਇਹ ਇੱਕ ਚੰਗਾ ਉਪਰਾਲਾ ਹੈ ਜਿਸ ਨਾਲ ਲੋਕਾਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਬਾਰੇ ਜਾਣਕਾਰੀ ਮਿਲ ਸਕਦੀ ਹੈ ਅਤੇ ਕਿਸ ਤਰ੍ਹਾਂ ਉਹ ਵੋਟਿੰਗ ਵਾਲੇ ਦਿਨ ਵੋਟ ਪਾ ਸਕਦੇ ਹਨ ਇਸ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਚੋਣ ਜ਼ਾਬਤਾ ਲੱਗ ਜਾਵੇਗਾ, ਉਸ ਤੋਂ ਬਾਅਦ ਇਹ ਕੈਂਪ ਨਹੀਂ ਲਗਾਇਆ ਜਾਵੇਗਾ।