ਲੁਧਿਆਣਾ:ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦੇ ਨਾਲ ਪੰਜਾਬ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਥੇ ਹੀ ਹੁਣ ਕਾਰੋਬਾਰੀਆਂ ਨੇ ਵੀ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਇਕ ਮਾਰਚ ਨੂੰ ਪੰਜਾਬ ਭਰ ਵਿੱਚ ਰੇਲਾਂ ਰੋਕਣ ਦਾ ਐਲਾਨ ਕਰ ਦਿੱਤਾ ਹੈ। ਕਾਰੋਬਾਰੀ ਜੋ ਚਾਈਨਾ ਤੋਂ ਆ ਰਹੇ ਕੱਪੜੇ ਤੋਂ ਪਰੇਸ਼ਾਨ ਹਨ। ਜਿਸ ਨੂੰ ਲੈ ਕੇ ਉਹ ਕਈ ਵਾਰ ਕੇਂਦਰ ਸਰਕਾਰ ਅੱਗੇ ਮੰਗ ਰੱਖ ਚੁੱਕੇ ਹਨ ਅਤੇ ਇੱਕ ਵਾਰ ਫਿਰ ਇੱਕ ਨਿੱਜੀ ਹੋਟਲ ਵਿੱਚ ਪ੍ਰੈਸ ਕਾਨਫਰਸ ਕੀਤੀ ਗਈ। ਜਿੱਥੇ ਕਾਰੋਬਾਰੀਆਂ ਨੇ ਤਿੱਖਾ ਫੈਸਲਾ ਲੈਂਦੇ ਹੋਏ ਸਹੁੰ ਚੁੱਕੀ ਕਿ ਉਹ ਚੀਨ ਨਾਲ ਕਿਸੇ ਤਰ੍ਹਾਂ ਦਾ ਵੀ ਕਾਰੋਬਾਰ ਨਹੀਂ ਕਰਨਗੇ ਅਤੇ ਨਾ ਹੀ ਕਰਨ ਦੇਣਗੇ।
ਚੀਨ ਕਰ ਰਿਹਾ ਬੰਗਲਾਦੇਸ਼ ਰਾਹੀ ਕੱਪੜੇ ਦਾ ਵਪਾਰ: ਇਸ ਮੌਕੇ 'ਤੇ ਬੋਲਦੇ ਹੋਏ ਕਾਰੋਬਾਰੀਆਂ ਨੇ ਹੈਰਾਨੀ ਜਨਕ ਆਂਕੜੇ ਸਾਹਮਣੇ ਰੱਖੇ ਹਨ। ਉਹਨਾਂ ਨੇ ਕਿਹਾ ਕਿ ਚਾਈਨਾ ਵਿੱਚੋਂ ਹਰ ਰੋਜ਼ ਵੱਡੀ ਤਾਦਾਦ ਵਿੱਚ ਇੱਕ ਕੱਪੜਾ ਬੰਗਲਾਦੇਸ਼ ਦੇ ਰਸਤੇ ਭਾਰਤ ਵਿੱਚ ਆ ਰਿਹਾ ਹੈ। ਜਿਸ ਦੇ ਚੱਲਦਿਆਂ ਪੂਰੇ ਭਾਰਤ ਦੇ ਵੱਡੇ ਘਰਾਣੇ ਟਾਟਾ, ਰਿਲਾਇੰਸ ਆਦਿ ਨੇ ਭਾਰਤ ਵਿੱਚੋਂ ਮਾਲ ਬਣਵਾਉਣਾ ਛੱਡ ਕੇ ਬੰਗਲਾਦੇਸ਼ ਤੋਂ ਖਰੀਦ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸਦਾ ਸਿਰਫ ਲੁਧਿਆਣਾ ਜਾਂ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਕੁ ਸਰਕਾਰੀ ਅਧਿਕਾਰੀਆਂ ਦੀ ਧਾਂਦਲੀ ਦੇ ਕਾਰਨ ਸਰਕਾਰ ਨੂੰ ਵੀ ਹਜ਼ਾਰਾਂ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇੰਡਸਟਰੀ ਵਿੱਚ 50 ਤੋਂ 60% ਤੱਕ ਪੈਦਾਵਾਰ ਘੱਟ ਗਈ ਹੈ ਤੇ ਇੰਡਸਟਰੀਆਂ ਬੰਦ ਹੋਣ ਦੀ ਕਗਾਰ 'ਤੇ ਹਨ।