ਬਠਿੰਡਾ: ਮਾਲਵੇ ਦਾ ਜ਼ਿਲ੍ਹਾ ਬਠਿੰਡਾ ਕਿਸਾਨਾਂ ਵੱਲੋਂ ਬਾਗਬਾਨੀ ਵਿੱਚ ਕਾਫੀ ਅੱਗੇ ਹੈ। ਜਿਸ ਵਿੱਚ ਕਿੰਨੂ ਇਸ ਇਲਾਕੇ ਦੀ ਮੁੱਖ ਫ਼ਸਲ ਹੈ। ਭਾਵੇਂ ਕਿ ਇਸ ਵਾਰ ਤਲਵੰਡੀ ਸਾਬੋ ਇਲਾਕੇ ਵਿੱਚ ਕਿੰਨੂ ਦੀ ਬੰਪਰ ਫਸਲ ਹੋਈ ਸੀ ਪਰ ਜਿੱਥੇ ਮਾਰਕੀਟਿੰਗ ਦਾ ਚੰਗਾ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਨਿਰਾਸ਼ ਨਜ਼ਰ ਆ ਰਹੇ ਹਨ। ਉਥੇ ਹੀ ਸਰਕਾਰ ਵੱਲੋਂ ਬਾਗਬਾਨੀ ਨੂੰ ਮਿਲਦੀਆਂ ਸਹੂਲਤਾਂ ਬੰਦ ਹੋਣ ਕਰਕੇ ਵੀ ਸਰਕਾਰ ਨੂੰ ਧਿਆਨ ਦੇਣ ਦੀ ਅਪੀਲ ਕਰ ਰਹੇ ਹਨ।
ਫ਼ਸਲ ਬਦਲੀ ਪਰ ਮੁੱਲ ਨਹੀਂ ਪਿਆ, ਸੁਣੋ ਕਿਸਾਨ ਦੀਆਂ ਦਰਦ ਭਰੀਆਂ ਗੱਲਾਂ ! - FARMERS NOT HAPPY
ਕਿੰਨੂ ਦੀ ਬੰਪਰ ਫਸਲ ਹੋਈ ਪਰ ਮਾਰਕੀਟਿੰਗ ਦਾ ਚੰਗਾ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਨਿਰਾਸ਼ ਨਜ਼ਰ ਆ ਰਹੇ ।
Published : Feb 4, 2025, 7:23 PM IST
ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਨਿਕਲ ਕੇ ਬਾਗਬਾਨੀ ਅਤੇ ਹੋਰ ਫਸਲਾਂ ਲਈ ਉਤਸ਼ਾਹਿਤ ਕਰਨ ਦੀ ਗੱਲ ਆਖੀ, ਪਰ ਫ਼ਸਲੀ ਚੱਕਰ ਵਿੱਚੋਂ ਨਿਕਲਣ ਵਾਲੇ ਕਿਸਾਨਾਂ ਦੀ ਕੋਈ ਸਾਰ ਨਹੀ ਲਈ ਜਾ ਰਹੀ। ਜ਼ਿਲ੍ਹਾ ਬਠਿੰਡਾ ਅੰਦਰ ਵੱਡੀ ਤਦਾਦ ਵਿੱਚ ਕਿਸਾਨਾਂ ਨੇ ਕਿੰਨੂ ਦੇ ਬਾਗ ਲਗਾਏ। ਕਿਸਾਨਾਂ ਨੂੰ ਆਸ ਸੀ ਕਿ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਮਿਲੇਗਾ ਅਤੇ ਉਨ੍ਹਾਂ ਨੂੰ ਇਸ ਫ਼ੈਸਲੇ 'ਤੇ ਮਾਣ ਹੋਵੇਗਾ ਪਰ ਅਜਿਹਾ ਕੁੱਝ ਨਹੀਂ ਹੋਇਆ।
ਕਿਸਾਨਾਂ ਲਈ ਵੱਡੀ ਮੁਸ਼ਕਿਲ ਕੀ?
ਕਿਸਾਨਾਂ ਦੀਆਂ ਆਸਾਂ 'ਤੇ ਉਦੋਂ ਪਾਣੀ ਫਿਰ ਗਿਆ ਜਦੋਂ ਕਿਸਾਨਾਂ ਨੂੰ ਸਭ ਤੋਂ ਵੱਡੀ ਮੁਸ਼ਕਿਲ ਮਾਰਕੀਟਿੰਗ ਦੀ ਆਈ। ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਦੂਰ ਜਾਣਾ ਪੈਂਦਾ ਹੈ। ਪਿੰਡ ਬੁਰਜ ਦੇ ਬਾਗਬਾਨੀ ਦੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦਾ ਪਿੰਡ ਬਾਗਬਾਨੀ ਵਿੱਚ ਅੱਗੇ ਸੀ, ਜਿੱਥੇ ਪਹਿਲਾ ਅੰਗੂਰਾਂ ਦੇ ਬਾਗ ਸਨ,ਪਰ ਅੰਗੂਰ ਘਾਟੇ ਦਾ ਸੌਦਾ ਸਾਬਤ ਹੋਣ ਕਰਕੇ ਪੁੱਟ ਦਿੱਤੇ ਗਏ ਅਤੇ ਕਿੰਨੂ ਲਗਾਏ ਗਏ ਪਰ ਹੁਣ ਇਸ 'ਚ ਵੀ ਘਾਟਾ ਹੀ ਪਿਆ। ਜਿਸ ਕਾਰਨ ਉਹ ਬਹੁਤ ਨਿਰਾਸ਼ ਹਨ। ਕਿਸਾਨ ਨੇ ਦੱਸਿਆ ਕਿ ਪਿੱਛਲੀਆਂ ਸਰਕਾਰਾਂ ਵੱਲੋਂ ਬਾਗਬਾਨਾਂ ਨੂੰ ਬਹੁਤ ਸਾਰੀਆਂ ਸਹੂਲਤਾਵਾਂ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਸਾਰੀਆਂ ਸਹੂਲਤਾਵਾਂ ਬੰਦ ਕਰ ਦਿੱਤੀਆਂ ਗਈਆਂ। ਜਿਸ ਕਾਰਨ ਹੁਣ ਕਿੰਨੂ ਵੀ ਉਨ੍ਹਾਂ ਲਈ ਘਾਟੇ ਦਾ ਸੌਦਾ ਬਣ ਰਹੇ ਹਨ।