ਬਠਿੰਡਾ: ਪੰਜਾਬ ਹਰਿਆਣਾ ਬਾਰਡਰ 'ਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਥਰਾਲਾ ਵਿਖੇ ਬੀਤੀ ਰਾਤ ਦਿਵਾਲੀ ਦੇ ਮੌਕੇ 'ਤੇ ਪਟਾਕੇ ਚਲਾਉਣ ਨੂੰ ਲੈ ਕੇ ਦੋ ਧੜਿਆਂ ਵਿੱਚ ਭਿਆਨਕ ਝੜਪ ਹੋ ਗਈ। ਝੜਪ ਦੌਰਾਨ ਦੋਵਾਂ ਧੜਿਆਂ ਵਲੋਂ ਇੱਕ ਦੂਸਰੇ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਇਸ ਗੋਲੀਬਾਰੀ ਦੌਰਾਨ ਇੱਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਦਕਿ ਦੋ ਨੌਜਵਾਨ ਜ਼ਖਮੀ ਹੋ ਗਏ, ਜਿੰਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੰਚਾਇਤੀ ਚੋਣਾਂ ਦੀ ਰੰਜਿਸ਼ ਕਾਰਨ ਚੱਲੀਆਂ ਗੋਲੀਆਂ (ETV BHARAT) ਪੰਚਾਇਤੀ ਚੋਣਾਂ ਦੀ ਰੰਜਿਸ਼ ਕਾਰਨ ਚੱਲੀਆਂ ਗੋਲੀਆਂ
ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪਥਰਾਲਾ ਵਿਖੇ ਪੰਚਾਇਤੀ ਚੋਣਾਂ ਦੀ ਰੰਜਿਸ਼ 'ਤੇ ਚੱਲਦਿਆਂ ਦਿਵਾਲੀ ਦੇ ਪਟਾਕੇ ਚਲਾਉਣ ਸਮੇਂ ਦੋ ਧੜਿਆਂ ਵਿੱਚ ਭਿਆਨਕ ਲੜਾਈ ਹੋ ਗਈ। ਇਸ ਲੜਾਈ ਦੌਰਾਨ ਦੋਵੇਂ ਗੁੱਟਾਂ ਵੱਲੋਂ ਇੱਕ ਦੂਸਰੇ 'ਤੇ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਦੌਰਾਨ ਗਗਨ ਨਾਮਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਗੋਰਖਾ ਅਤੇ ਜਗਤਾਰ ਨਾਮਕ ਨੌਜਵਾਨ ਗੰਭੀਰ ਜ਼ਖਮੀ ਹੋ ਗਏ।
ਇੱਕ ਨੌਜਵਾਨ ਦੀ ਮੌਤ ਤੇ ਦੋ ਜ਼ਖ਼ਮੀ
ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਦੌਰਾਨ ਗੋਰਖਾ ਗਰੁੱਪ ਵੱਲੋਂ ਚੋਣਾਂ ਲੜੀਆਂ ਗਈਆਂ ਸਨ ਅਤੇ ਦੂਸਰੇ ਧੜੇ ਵਿੱਚ ਜਗਤਾਰ ਗਰੁੱਪ ਵੱਲੋਂ ਪੰਚਾਇਤੀ ਚੋਣਾਂ ਲੜੀਆਂ ਗਈਆਂ ਸਨ। ਇਹਨਾਂ ਚੋਣਾਂ ਦੀ ਰੰਜਿਸ਼ ਦੇ ਚੱਲਦੇ ਬੀਤੀ ਰਾਤ ਪਟਾਕੇ ਚਲਾਉਣ ਨੂੰ ਲੈ ਕੇ ਦੋਵਾਂ ਧੜਿਆਂ ਵਿੱਚ ਲੜਾਈ ਹੋ ਗਈ। ਜਿਸ ਵਿੱਚ ਗੋਰਖਾ ਜ਼ਖ਼ਮੀ ਹੋ ਗਿਆ, ਜਦੋਂ ਕਿ ਉਸ ਦਾ ਸਾਥੀ ਗਗਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਦੂਸਰੇ ਗਰੁੱਪ ਜਗਤਾਰ ਦੇ ਵੀ ਗੋਲੀਆਂ ਲੱਗੀਆਂ ਹਨ, ਜਿੰਨਾਂ ਦਾ ਇਲਾਜ ਚੱਲ ਰਿਹਾ ਹੈ। ਐਸਪੀ ਸਿਟੀ ਨੇ ਕਿਹਾ ਕਿ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।