ਪਟਿਆਲਾ:ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ 1022 ਗ੍ਰਾਮ ਪੰਚਾਇਤਾਂ ਵਿਚੋਂ 313 ਸੀਟਾਂ ਐਸ.ਸੀ ਉਮੀਦਵਾਰਾਂ ਲਈ ਰਿਜ਼ਰਵ ਹਨ। ਉਨ੍ਹਾਂ ਦੱਸਿਆ ਕਿ ਰਾਖਵੇਂਕਰਨ ਦੀਆਂ ਸੂਚੀਆਂ ਪਟਿਆਲਾ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓ. ਦਫ਼ਤਰਾਂ ਕੋਲ ਉਪਲਬੱਧ ਹਨ ਅਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ www.patiala.nic.in ਤੋਂ ਡਾਊਨਲੋਡ ਵੀ ਕੀਤੀਆਂ ਜਾ ਸਕਦੀਆਂ ਹਨ।
ਬੀ.ਡੀ.ਪੀ.ਓ ਦਫ਼ਤਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ 'ਤੇ ਉਪਲਬਧ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਾਰੀਆਂ ਸੂਚੀਆਂ ਡੀ.ਡੀ.ਪੀ.ਓ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਵੀ ਉਪਲਬੱਧ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਹ ਸੂਚੀਆਂ ਲੈਣ ਦਾ ਚਾਹਵਾਨ ਹੈ ਤਾਂ ਉਹ ਇਨ੍ਹਾਂ ਦਫ਼ਤਰਾਂ ਵਿੱਚੋਂ ਲੈ ਸਕਦਾ ਹੈ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
15 ਅਕਤੂਬਰ ਨੂੰ ਹੈ ਪੰਚਾਇਤੀ ਚੋਣਾਂ
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਪੰਜਾਬ ਚੋਣ ਕਮਿਸ਼ਨ ਵਲੋਂ ਸੂਬੇ 'ਚ ਕਈ ਮਹੀਨੇ ਤੋਂ ਲਟਕਦੀਆਂ ਆ ਰਹੀਆਂ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਸੀ। ਜਿਸ 'ਚ 27 ਸਤੰਬਰ ਭਾਵ ਅੱਜ ਤੋਂ ਨਾਮਜ਼ਦਗੀ ਭਰਨੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ 4 ਅਕਤੂਬਰ ਹੋਵੇਗੀ ਤੇ 5 ਅਕਤੂਬਰ ਨੂੰ ਪੜਤਾਲ ਕਰਕੇ 7 ਅਕਤੂਬਰ ਨੂੰ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ ਹੋਵੇਗੀ। ਇਸ ਦੇ ਨਾਲ ਹੀ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦੀਆਂ ਵੋਟਾਂ ਪੈਣਗੀਆਂ। ਇੰਨ੍ਹਾਂ ਚੋਣਾਂ 'ਚ ਖਾਸ ਗੱਲ ਇਹ ਹੈ ਕਿ ਇਸ ਵਾਰ ਵੋਟਰ ਪੰਚਾਇਤੀ ਚੋਣਾਂ 'ਚ ਵੀ NOTA ਦੀ ਵਰਤੋਂ ਕਰ ਸਕਦੇ ਹਨ।