ਅਵਨੀਤ ਕੌਰ ਕੰਗ ਦਾ ਵਿਸ਼ੇਸ਼ ਸਨਮਾਨ (hoshiarpur Reporter) ਹੁਸ਼ਿਆਰਪੁਰ:ਬੀਤੇ ਦਿਨੀਂ ਗੜ੍ਹਸ਼ੰਕਰ ਦੇ ਪਿੰਡ ਪੱਖੋਵਾਲ ਦੀ ਅਵਨੀਤ ਕੌਰ ਕੰਗ ਵੱਲੋਂ ਨੇਪਾਲ ਵਿਖੇ ਹੋਏ ਅਥਲੀਟ ਮੁਕਾਬਲੇ ਵਿੱਚ 100 ਮੀਟਰ ‘ਚ ਗੋਲਡ ਮੈਡਲ ਜਿੱਤ ਕੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ। ਦੱਸ ਦਈਏ ਕਿ 100 ਮੀਟਰ ਰਿਲੇਅ ਦੌੜ ਵਿੱਚ ਗੋਲਡ ਮੈਡਲ ਅਤੇ 400 ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤ ਕੇ ਇਲਾਕੇ ਦਾ ਹੀ ਨਹੀਂ ਸਗੋਂ ਪੰਜਾਬ ਅਤੇ ਦੇਸ਼ ਨਾਮ ਰੌਸ਼ਨ ਕੀਤਾ ਹੈ।
ਅਵਨੀਤ ਦਾ ਖਾਸ ਸਨਮਾਨ
ਇਸ ਸਬੰਧੀ ਅੱਜ ਸ਼ਹੀਦ ਭਗਤ ਸਿੰਘ ਸਮਾਰਕ ਗੜ੍ਹਸ਼ੰਕਰ ਵਿਖੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ, ਉਪਕਾਰ ਐਜ਼ੂਕੇਸ਼ਨਲ ਚੈਰੀਟੇਬਲ ਟਰੱਸਟ, ਜੀਵਨ ਜਾਗ੍ਰਿਤੀ ਮੰਚ ਅਤੇ ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਵੱਲੋਂ ਸਾਂਝੇ ਤੌਰ 'ਤੇ ਅਵਨੀਤ ਕੌਰ ਕੰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਮੱਟੂ, ਗੁਰਨੇਕ ਭੱਜਲ, ਸੁਭਾਸ਼ ਮੱਟੂ, ਭੁਪਿੰਦਰ ਰਾਣਾ, ਸਾਬਕਾ ਪ੍ਰਿੰਸੀਪਲ ਬਿੱਕਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਵਨੀਤ ਕੌਰ ਕੰਗ ਨੇ ਨੇਪਾਲ ਵਿਖੇ ਹੋਏ ਅਥਲੀਟ ਮੁਕਾਬਲਿਆਂ ਵਿੱਚੋਂ 2 ਗੋਲਡ ਮੈਡਲ ਅਤੇ ਇਕ ਸਿਲਵਰ ਮੈਡਲ ਜਿੱਤ ਕੇ ਪੂਰੇ ਇਲਾਕੇ ਸਮੇਤ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਉਕਤ ਆਗੂਆਂ ਵੱਲੋਂ ਅਵਨੀਤ ਕੌਰ ਕੰਗ ਨੂੰ ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਭੇਟ ਕਰਦਿਆਂ ਭਵਿੱਖ ਵਿੱਚ ਕਮਾਯਾਬੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਏਸ਼ੀਆ ਗੇਮਾਂ 'ਚ ਹਿੱਸਾ ਲੈਣ ਦੀ ਤਿਆਰੀ
ਅਵਨੀਤ ਨੇ ਇਸ ਮੌਕੇ ਕਿਹਾ ਕਿ ਉਸ ਨੂੰ ਵੀ ਇਹ ਕਾਮਯਾਬੀ ਹਾਸਿਲ ਕਰਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਅਵਨੀਤ ਨੇ ਕਿਹਾ ਕਿ ਮੇਰੇ ਕੋਚ ਦੀ ਮਿਹਨਤ ਕਾਰਨ ਅੱਜ ਮੈ ਇਹ ਮੁਕਾਮ ਹਾਸਿਲ ਕੀਤਾ ਹੈ ਅਤੇ ਅੱਗੇ ਵੀ ਇੰਝ ਹੀ ਇਹ ਮਿਹਨਤ ਜਾਰੀ ਰੱਖਾਂਗੀ। ਉਹਨਾਂ ਕਿਹਾ ਕਿ ਮੈਂ ਹੋਰ ਨੌਜਵਾਨਾਂ ਨੂੰ ਵੀ ਆਹੀ ਅਪੀਲ ਕਰਦੀ ਹਾਂ ਕਿ ਸਾਰੇ ਹੀ ਮਿਹਨਤ ਕਰਦੇ ਰਹਿਣ ਤਾਂ ਅੱਗੇ ਜਾ ਕੇ ਹੋਰ ਸਫਲਤਾ ਹਾਸਿਲ ਕਰਨ ਅਤੇ ਦੇਸ਼ ਭਰ 'ਚ ਮਾਪਿਆਂ ਦਾ ਨਾਮ ਰੋਸ਼ਨ ਕਰਨ।