ਰੂਪਨਗਰ:ਜਿੰਦਗੀ ਦੇ ਇਕ ਪੜਾਅ ਉੱਤੇ ਜ਼ਿਆਦਾਤਰ ਲੋਕ ਇਹ ਸੋਚਣ ਲੱਗ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਉਮਰ ਦਾ ਇੱਕ ਵੱਡਾ ਹਿੱਸਾ ਹੰਢਾ ਲਿਆ ਗਿਆ ਹੈ ਅਤੇ ਹੁਣ ਜੋ ਬਾਕੀ ਬਚੀ ਉਮਰ ਪੋਤਰੀ-ਪੋਤਰਿਆਂ ਨਾਲ ਤੇ ਬਿਮਾਰੀਆਂ ਨਾਲ ਜੂਝਦੇ ਹੋਏ ਹੰਢਾਉਣੀ ਹੈ। ਪਰ, ਇਸ ਦੇ ਉਲਟ ਕੁਝ ਬਜ਼ੁਰਗ, ਜਾਂ ਕਹਿ ਲਈਏ "ਜਵਾਨ ਬਜ਼ੁਰਗ" ਜੀਤ ਰਾਮ ਕੌਸ਼ਲ ਨੇ ਇਸ ਕਥਨ ਨੂੰ ਝੂਠਾ ਪਾ ਦਿੱਤਾ ਹੈ। ਉਨ੍ਹਾਂ ਨੇ 79 ਸਾਲ ਦੀ ਉਮਰ ਵਿੱਚ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਸੁਪਨੇ ਸੱਚ ਕਰਨ ਦਾ ਜਜ਼ਬਾ ਤੇ ਜਨੂੰਨ ਹੋਵੇ, ਤਾਂ ਉਮਰ ਮਹਿਜ਼ ਨੰਬਰ ਹੀ ਹਨ। ਇੱਥੇ ਦੱਸ ਦਈਏ ਕਿ ਜੀਤ ਰਾਮ ਕੌਸ਼ਲ ਨੇ 79 ਸਾਲ ਦੀ ਉਮਰ ਵਿੱਚ ਮਾਊਂਟ ਐਵਰੈਸਟ ਦੇ ਦੱਖਣੀ ਬੇਸ ਕੈਂਪ ਉੱਤੇ ਪਹੁੰਚੇ ਅਤੇ ਉੱਥੇ ਤਿਰੰਗਾ ਲਹਿਰਾਇਆ ਹੈ।
ਜ਼ਿਕਰਯੋਗ ਹੈ ਕਿ ਮਾਊਂਟ ਐਵਰੈਸਟ ਦੇ ਬੇਸ ਕੈਂਪ ਦੀ ਉਚਾਈ ਸਮੁੰਦਰ ਤਲ ਤੋਂ ਕਰੀਬ 5545 ਮੀਟਰ ਉੱਪਰ ਹੈ ਅਤੇ ਇਸ ਜਗ੍ਹਾ ਦੇ ਉੱਤੇ ਤੰਦਰੁਸਤ ਵਿਅਕਤੀ ਵੀ ਜਾਣ ਤੋਂ ਪਹਿਲਾਂ ਬਹੁਤ ਸੌ ਵਾਰੀ ਸੋਚਦਾ ਹੈ। ਇੱਥੇ ਆਕਸੀਜਨ ਦੀ ਕਮੀ ਹੁੰਦੀ ਹੈ ਅਤੇ ਰਸਤਾ ਵੀ ਬੇਹਤ ਜੋਖ਼ਮ ਭਰਿਆ ਹੁੰਦਾ ਹੈ।
ਜਿੰਦਗੀ ਦੇ 23 ਸਾਲ ਵਿਦੇਸ਼ ਲੰਘੇ:ਜੀਤ ਰਾਮ ਕੌਸ਼ਲ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹ ਕਰੀਬ 23 ਸਾਲ ਅਮਰੀਕਾ ਵਿੱਚ ਲਗਾ ਕੇ ਆਏ ਹਨ। ਕੇਵਲ ਸੱਤ ਡਾਲਰ ਉਸ ਵਕਤ ਉਨ੍ਹਾਂ ਕੋਲ ਸਨ, ਜਦੋਂ ਉਹ ਅਮਰੀਕਾ ਪੁੱਜੇ ਸਨ ਤੇ ਉਸ ਤੋਂ ਬਾਅਦ ਵੱਖ-ਵੱਖ ਵੱਡੇ ਅਦਾਰਿਆਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਆਪਣੇ ਆਪ ਨੂੰ ਉੱਥੇ ਹੀ ਉਨ੍ਹਾਂ ਨੇ ਪੱਕਾ ਕਰ ਲਿਆ, ਪਰ ਆਪਣੀ ਮਿੱਟੀ ਦਾ ਮੋਹ ਇੰਨਾ ਜਿਆਦਾ ਸੀ ਕਿ ਜਦੋਂ ਸਮਾਂ ਲੱਗਾ, ਤਾਂ ਵਾਪਸ ਆਪਣੇ ਦੇਸ਼ ਪਰਤ ਆਏ।
ਪੋਤਰੇ ਨੇ ਮਨ੍ਹਾਂ ਕੀਤਾ, ਪਰ ਬੇਸ ਕੈਂਪ 'ਤੇ ਜਾਣ ਦਾ ਜਜ਼ਬਾ ਬਰਕਰਾਰ ਰਿਹਾ: ਜੀਤ ਰਾਮ ਕੌਸ਼ਲ ਵੱਲੋਂ ਅਖਬਾਰ ਵਿੱਚ ਇੱਕ ਆਰਟੀਕਲ ਮਾਊਂਟ ਐਵਰੈਸਟ ਬਾਬਤ ਪੜ੍ਹਿਆ ਜਾ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਇਹ ਆਇਆ ਕਿ ਉਨ੍ਹਾਂ ਨੂੰ ਇਸ ਜਗ੍ਹਾ ਉੱਤੇ ਜਾ ਕੇ ਆਉਣਾ ਚਾਹੀਦਾ ਹੈ। ਜਦੋਂ, ਇਸ ਬਾਬਤ ਉਨ੍ਹਾਂ ਵੱਲੋਂ ਆਪਣੇ ਪੋਤਰੇ ਨਾਲ ਗੱਲਬਾਤ ਕੀਤੀ ਗਈ, ਤਾਂ ਪੋਤਰੇ ਨੇ ਕਿਹਾ ਕਿ ਤੁਸੀਂ ਇਸ ਉਮਰ ਵਿੱਚ ਉੱਥੇ ਨਾ ਜਾਓ, ਤੁਹਾਡੀ ਉਮਰ ਦੇ ਹਿਸਾਬ ਦੇ ਨਾਲ ਉਹ ਜਗ੍ਹਾ ਠੀਕ ਨਹੀਂ ਹੈ। ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ।
ਜਦੋਂ ਪਰਿਵਾਰ ਵੱਲੋਂ ਨਾ ਪੱਖੀ ਹੁੰਗਾਰਾ ਮਿਲਿਆ, ਤਾਂ ਜੀਤ ਰਾਮ ਕੌਂਸ਼ਲ ਨੇ ਇਸ ਗੱਲ ਨੂੰ ਲੜ ਬੰਨ ਲਿਆ ਕਿ ਹੁਣ ਉਹ ਬੈਂਸ ਕੈਂਪ ਜਾ ਕੇ ਦਿਖਾਉਣਗੇ। ਉਨ੍ਹਾਂ ਵੱਲੋਂ ਆਪਣੀ ਮੁੱਢਲਾ ਮੈਡੀਕਲ ਜਾਂਚ ਕਰਵਾਈ ਗਈ ਅਤੇ ਨੇਪਾਲ ਦਾ ਰੁਖ਼ ਕਰ ਲਿਆ ਗਿਆ ਅਤੇ ਫਿਰ ਆਪਣਾ ਸੁਪਨਾ ਪੂਰਾ ਕੀਤਾ।