ਲੁਧਿਆਣਾ : ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈਕੋਰਟ ਵੱਲੋਂ ਰਾਹਤ ਮਿਲ ਗਈ ਹੈ ਅਤੇ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਹੁਣ ਘਰ ਪਰਤਣਗੇ। ਇਸ ਸਬੰਧੀ ਕਾਨੂੰਨੀ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਹਨ ਅਤੇ ਕਾਨੂੰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਹਨਾਂ ਦੀ ਧਰਮ ਪਤਨੀ ਅਤੇ ਲੁਧਿਆਣਾ ਵਾਰਡ ਨੰਬਰ 60 ਤੋਂ ਉਮੀਦਵਾਰ ਮਮਤਾ ਆਸ਼ੂ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਸਾਰਿਆਂ ਦੀਆਂ ਅਰਦਾਸਾਂ ਕਬੂਲ ਹੋਈਆਂ ਹਨ। ਉਹਨਾਂ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਜੇਕਰ ਉਹ ਬੇਕਸੂਰ ਹੋਣਗੇ ਤਾਂ ਅਦਾਲਤ ਉਨ੍ਹਾਂ ਨੂੰ ਰਿਹਾਅ ਕਰ ਦੇਵੇਗੀ।
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੱਡੀ ਰਾਹਤ (ETV BHARAT (ਲੁਧਿਆਣਾ ,ਪੱਤਰਕਾਰ)) ਖੁਸ਼ੀ 'ਚ ਵੰਡੇ ਲੱਡੂ
ਮਮਤਾ ਆਸ਼ੂ ਨੇ ਕਿਹਾ ਕਿ ਅੱਜ ਉਹਨਾਂ ਦੇ ਘਰ ਖੁਸ਼ੀ ਦਾ ਮਹੌਲ ਹੈ। ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦੇ ਫੋਨ ਆ ਰਹੇ ਹਨ। ਉਨ੍ਹਾਂ ਦਾ ਕੇਸ ਰੱਦ ਹੋ ਗਿਆ ਹੈ ਅਤੇ ਉਹਨਾਂ ਕਿਹਾ ਕਿ ਉਮੀਦ ਹੈ ਕਿ ਅੱਜ ਸ਼ਾਮ ਤੱਕ ਉਹ ਵਾਪਸ ਆ ਜਾਣਗੇ ਅਤੇ ਆਪਣੇ ਵਾਰਡ ਦੇ ਵਿੱਚ ਕੱਲ ਉਹ ਆਪਣੀ ਵੋਟ ਹੱਕ ਦਾ ਵੀ ਇਸਤੇਮਾਲ ਕਰ ਸਕਣਗੇ। ਉਹਨਾਂ ਕਿਹਾ ਕਿ ਵਰਕਰਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਭਾਰਤ ਭੂਸ਼ਣ ਆਸ਼ੂ ਨੂੰ 1 ਅਗਸਤ ਨੂੰ ਇਨਫੋਰਸਮੈਂਟ ਡਾਇਰੈਕਟਰੇਟ ਦੀ ਟੀਮ ਵੱਲੋਂ ਮਨੀ ਲੌਂਡਰਿੰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਖੁਸ਼ੀ 'ਚ ਵੰਡੀ ਮਠਿਆਈ (ETV BHARAT (ਲੁਧਿਆਣਾ ,ਪੱਤਰਕਾਰ)) ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਖੁਰਾਕ ਸਪਲਾਈ ਮੰਤਰੀ ਰਹੇ ਭਾਰਤ ਭੂਸ਼ਨ ਆਸ਼ੂ 'ਤੇ ਟੈਂਡਰ ਦੇ ਵਿੱਚ ਘੁਟਾਲੇ ਕਰਨ ਦੇ ਇਲਜ਼ਾਮ ਲੱਗੇ ਸਨ। ਵਿਜੀਲੈਂਸ ਵੱਲੋਂ ਵੀ ਪਹਿਲਾਂ ਉਹਨਾਂ ਤੇ ਕੇਸ ਚਲਾਇਆ ਗਿਆ ਸੀ। ਇਸ ਤੋਂ ਪਹਿਲਾਂ ਸਾਲ 2022 'ਚ ਕੁਝ ਟਰਾਂਸਪੋਰਟ ਮਾਲਕਾਂ ਅਤੇ ਠੇਕੇਦਾਰਾਂ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਅਨਾਜ ਟਰਾਂਸਪੋਰਟ ਟੈਂਡਰ ਘੁਟਾਲੇ 'ਚ ਕੁਝ ਚੁਣੇ ਹੋਏ ਠੇਕੇਦਾਰਾਂ ਨੂੰ ਲਾਭ ਦੇਣ ਅਤੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਸੀ। ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਗਈ ਸੀ। ਮਨੀ ਲਾਂਡਰਿੰਗ ਵਿੱਚ ਸ਼ਾਮਿਲ ਵਿਅਕਤੀਆਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਸਨ, ਜਾਇਦਾਦਾਂ ਵਿੱਚ ਲੁਧਿਆਣਾ, ਮੋਹਾਲੀ, ਖੰਨਾ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਸਥਿਤ ਅਚੱਲ ਜਾਇਦਾਦ, ਐਫਡੀਆਰ ਦੇ ਰੂਪ ਵਿੱਚ ਚੱਲ ਜਾਇਦਾਦ, ਸੋਨੇ ਦੇ ਗਹਿਣੇ ਅਤੇ ਬੈਂਕ ਖਾਤੇ ਸ਼ਾਮਿਲ ਹਨ।