ਹੈਦਰਾਬਾਦ ਡੈਸਕ: 2025 ਦੇ ਪਹਿਲੇ ਦਿਨ ਹੀ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਲਈ ਇਹ ਵੱਡਾ ਦਿਨ ਸਾਬਿਤ ਹੋਇਆ ਹੈ। ਦਰਅਸਲ ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਬੁੱਧਵਾਰ ਨੂੰ ਨਵੇਂ ਸਾਲ ਵਾਲੇ ਦਿਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਵਿਚ ਸ਼ਾਮਲ ਕਰਵਾਇਆ।
ਪੰਜਾਬ ਬਸਪਾ ਦੇ ਸਾਬਕਾ ਪ੍ਰਧਾਨ ਜਸਬੀਰ AAP 'ਚ ਸ਼ਾਮਲ, ਵਿਰੋਧੀ ਗਤੀਵਿਧੀਆਂ ਕਾਰਨ ਬਸਪਾ ਨੇ ਪਾਰਟੀ ਤੋਂ ਕੀਤਾ ਸੀ ਬਾਹਰ - PUNJAB AAP
ਪੰਜਾਬ ਦੀ ਗਰਮਾਈ ਸਿਆਸਤ, ਖੁਦ ਸਿਆਸਤਦਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਐਲ਼ਾਨ ਕੀਤਾ ਹੈ।
Published : Jan 1, 2025, 6:28 PM IST
|Updated : Jan 1, 2025, 6:46 PM IST
ਦੱਸਣਯੋਗ ਹੈ ਕਿ ਗੜ੍ਹੀ ਨੂੰ ਬੀਤੇ ਨਵੰਬਰ ਮਹੀਨੇ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਦੇ ਹੁਕਮਾਂ ਤਹਿਤ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਪਾਰਟੀ ਵਿਚੋਂ ਕੱਢ ਦਿੱਤਾ ਸੀ। ਪਾਰਟੀ ਨੇ ਉਨ੍ਹਾਂ ਉਤੇ ਅਨੁਸ਼ਾਸਨਹੀਣਤਾ ਦਾ ਇਲਜ਼ਾਮ ਲਾਇਆ ਸੀ। ਇਸ ਦੇ ਨਾਲ ਹੀ ਪਾਰਟੀ ਹਾਈਕਮਾਨ ਨੇ ਗੜ੍ਹੀ ਦੀ ਥਾਂ ਸਾਬਕਾ ਮੈਂਬਰ ਰਾਜ ਸਭਾ ਤੇ ਸਾਬਕਾ ਵਿਧਾਇਕ ਅਵਤਾਰ ਸਿੰਘ ਕਰੀਮਪੁਰੀ ਨੂੰ ਨਵਾਂ ਸੂਬਾ ਪ੍ਰਧਾਨ ਥਾਪ ਦਿੱਤਾ ਸੀ। ਕਰੀਮਪੁਰੀ ਪਹਿਲਾਂ ਵੀ ਕਈ ਸਾਲ ਬਸਪਾ ਪੰਜਾਬ ਦੇ ਪ੍ਰਧਾਨ ਰਹਿ ਚੁੱਕੇ ਹਨ।
'ਆਪ' ਦਾ ਫੜਿਆ ਪੱਲਾ
ਹੁਣ ਜਸਵੀਰ ਸਿੰਘ ਗੜ੍ਹੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਸਵੇਰੇ ‘ਨਵਾਂ ਸਾਲ ਮੁਬਾਰਕ, ਨਵੇਂ ਰਸਤੇ ’ਤੇ ਚੱਲਕੇ ਪੁਰਾਣੀਆਂ ਮੰਜ਼ਲਾਂ ਸਰ ਕਰਾਂਗੇ’ ਸਿਰਲੇਖ ਤਹਿਤ ਫੇਸਬੁੱਕ ਉਤੇ ਇਕ ਬੜੀ ਜਜ਼ਬਾਤੀ ਲਾਈਵ ਵੀਡੀਓ ਪਾ ਕੇ ਨਵਾਂ ਰਾਹ ਅਖ਼ਤਿਆਰ ਕਰਨ ਦਾ ਸੰਕੇਤ ਦਿੱਤਾ। ਉਨ੍ਹਾਂ ਇਸ ਵੀਡੀਓ ਵਿਚ ਮੌਜੂਦਾ ਬਸਪਾ ਪੰਜਾਬ ਪ੍ਰਧਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਅਤੀਤ ਵਿਚ ਪਾਰਟੀ ਨੂੰ ਛੱਡ ਕੇ ਗਏ ਪਾਰਟੀ ਦੇ ਪੁਰਾਣੇ ਕਾਰਕੁਨਾਂ ਤੇ ਆਗੂਆਂ ਦੇ ਪਾਰਟੀ ਛੱਡਣ ਦੇ ਫ਼ੈਸਲਿਆਂ ਲਈ ਵੀ ਪਾਰਟੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਬਸਪਾ ਲੀਡਰਸ਼ਿਪ ਉਤੇ ਆਪਣੇ ਸਮੇਤ ਹੋਰ ਆਗੂਆਂ ਦੇ ‘ਸਿਆਸੀ ਕਤਲ’ ਕਰਨ ਦੇ ਇਲਜ਼ਾਮ ਲਾਏ ਹਨ।