ਲੁਧਿਆਣਾ:ਨਗਰ ਨਿਗਮ ਚੋਣਾਂ ਹੋਈਆਂ ਨੂੰ ਕਈ ਦਿਨ ਬੀਤ ਚੁੱਕੇ ਹਨ, ਉਥੇ ਹੀ ਮੇਅਰ ਦੀ ਚੋਣ ਨੂੰ ਲੈਕੇ ਅਜੇ ਵੀ ਸਸਪੈਂਸ ਬਰਕਰਾਰ ਹੈ। ਹੁਣ ਜਾਣਕਾਰੀ ਹੈ ਕਿ ਨਗਰ ਨਿਗਮ ਲੁਧਿਆਣਾ ਨੂੰ ਲੈ ਕੇ ਜਲਦ ਹੀ ਮੇਅਰ ਬਣਾਇਆ ਜਾਵੇਗਾ। ਇਸ ਸਬੰਧੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਲੁਧਿਆਣਾ ਵਿੱਚ ਮਹਿਲਾ ਮੇਅਰ ਬਣਾਉਣ ਦੀ ਗੱਲ ਕਰਦਿਆਂ ਸੀਟ ਰਾਖਵੀਂ ਕਰ ਦਿੱਤੀ ਗਈ। ਇਹ ਨੋਟੀਫਿਕੇਸ਼ਨ ਅੱਜ ਦਾ ਹੀ ਜਾਰੀ ਕੀਤਾ ਗਿਆ ਹੈ। ਲੋਹੜੀ ਤੋਂ ਬਾਅਦ ਲੁਧਿਆਣਾ ਨੂੰ ਨਵਾਂ ਮੇਅਰ ਮਿਲ ਜਾਵੇਗਾ। ਇਸ ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਹੈ ਕਿ ਨਗਰ ਨਿਗਮ ਲੁਧਿਆਣਾ ਦੇ ਮੇਅਰ ਅਹੁਦਾ ਇਸਤਰੀ ਮੈਂਬਰ ਦੇ ਲਈ ਰਾਖਵਾਂ ਕੀਤਾ ਜਾਂਦਾ ਹੈ। ਹਾਲਾਂਕਿ ਬਾਕੀ ਚਾਰ ਨਗਰ ਨਿਗਮਾਂ ਦੇ ਲਈ ਜਨਰਲ ਮੇਅਰ ਦੀ ਚੋਣ ਹੋਵੇਗੀ। ਵਿਸ਼ੇਸ਼ ਸਕੱਤਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਮਹਿਲਾਵਾਂ ਕੌਂਸਲਰਾਂ 'ਚ ਲੱਗੀ ਮੇਅਰ ਬਣਨ ਦੀ ਦੌੜ
ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਮਹਿਲਾ ਮੇਅਰ ਬਣਨ ਦਾ ਰਸਤਾ ਸਾਫ ਹੋ ਗਿਆ ਹੈ। ਭਾਵ ਕਿ ਹੁਣ ਲੁਧਿਆਣਾ ਦੀ ਅਗਲੀ ਮੇਅਰ ਕੋਈ ਮਹਿਲਾ ਹੋਵੇਗੀ। ਇਸ ਨੂੰ ਲੈ ਕੇ ਹੁਣ ਜਿੱਤੀਆਂ ਹੋਈਆਂ ਮਹਿਲਾ ਕੌਂਸਲਰਾਂ ਦੇ ਵਿੱਚ ਜਿੱਥੇ ਇੱਕ ਵੱਖਰੀ ਰੇਸ ਸ਼ੁਰੂ ਹੋ ਗਈ ਹੈ, ਉੱਥੇ ਹੀ ਦਾਵੇਦਾਰੀਆਂ ਦਾ ਸਿਲਸਿਲਾ ਵੀ ਸ਼ੁਰੂ ਹੋਣ ਜਾ ਰਿਹਾ ਹੈ। ਵਿਧਾਇਕਾਂ ਤੱਕ ਕੌਂਸਲਰਾਂ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ 41 ਕੌਂਸਲਰ ਜਿੱਤੇ ਸਨ। ਜਿੰਨਾਂ ਦੇ ਵਿੱਚ ਵਿਧਾਇਕਾਂ ਦੀ ਵੀ ਵੋਟ ਸ਼ਾਮਿਲ ਹੋਵੇਗੀ। ਕਿਸੇ ਇੱਕ ਨਾਂ 'ਤੇ ਸਾਰੇ ਹੀ ਵਿਧਾਇਕਾਂ ਨੂੰ ਇੱਕ ਮੱਤ ਹੋਣਾ ਪਵੇਗਾ। ਦੱਸ ਦਈਏ ਕਿ ਬੀਤੇ ਦਿਨੀਂ ਲਗਾਤਾਰ ਦਲ ਬਦਲੀਆਂ ਦਾ ਸਿਲਸਿਲਾ ਵੀ ਚੱਲਦਾ ਰਿਹਾ। ਆਮ ਆਦਮੀ ਪਾਰਟੀ ਵੱਲੋਂ ਇੱਕ ਕਾਂਗਰਸ ਅਤੇ ਇੱਕ ਅਕਾਲੀ ਦਲ ਦੇ ਕੌਂਸਲਰ ਨੂੰ ਆਪਣੇ ਨਾਲ ਮਿਲਾਇਆ ਸੀ, ਹਾਲਾਂਕਿ ਇਹ ਦੋਵੇਂ ਹੀ ਬਾਅਦ ਵਿੱਚ ਮੁੜ ਆਪਣੀ ਪਾਰਟੀ ਦੇ ਵਿੱਚ ਚਲੇ ਗਏ।
ਇਸ ਤੋਂ ਪਹਿਲਾਂ ਇਹ ਰਹੇ ਨੇ ਸ਼ਹਿਰ ਦੇ ਮੇਅਰ
ਹਾਲਾਂਕਿ ਹਾਲੇ ਤੱਕ ਲੁਧਿਆਣਾ ਦੇ ਵਿੱਚ ਛੇ ਵਾਰ ਮੇਅਰ ਬਣੇ ਹਨ ਅਤੇ ਛੇ ਵਾਰ ਹੀ ਮਰਦ ਮੇਅਰ ਬਣਾਏ ਗਏ ਹਨ। ਸਾਲ 2021 ਦੇ ਵਿੱਚ 50 ਫੀਸਦੀ ਮਹਿਲਾਵਾਂ ਦੇ ਲਈ ਰਾਖਵਾਂਕਰਨ ਦਾ ਨਿਯਮ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ। ਇਸ 'ਤੇ ਹੁਣ ਆਮ ਆਦਮੀ ਪਾਰਟੀ ਨੇ ਮੋਹਰ ਲਗਾ ਦਿੱਤੀ ਹੈ। ਲੁਧਿਆਣਾ ਨੂੰ 1991 ਦੇ ਵਿੱਚ ਨਿਗਮ ਦਾ ਦਰਜਾ ਮਿਲਿਆ ਸੀ। ਲੁਧਿਆਣਾ ਦੇ ਵਿੱਚ ਪਹਿਲੀ ਵਾਰ 12 ਜੂਨ 1991 ਦੇ ਵਿੱਚ ਚੌਧਰੀ ਸੱਤ ਪ੍ਰਕਾਸ਼ ਮੇਅਰ ਬਣੇ ਸਨ। ਇਸ ਤੋਂ ਬਾਅਦ 1997 ਦੇ ਵਿੱਚ ਅਪਿੰਦਰ ਗਰੇਵਾਲ, 2002 ਦੇ ਵਿੱਚ ਨਾਹਰ ਸਿੰਘ ਗਿੱਲ, 2007 ਦੇ ਵਿੱਚ ਹਾਕਮ ਸਿੰਘ ਗਿਆਸਪੁਰਾ, 2012 ਦੇ ਵਿੱਚ ਹਰਚਰਨ ਸਿੰਘ ਗੋਲਵੜੀਆ ਅਤੇ ਆਖਰੀ ਵਾਰ ਸਾਲ 2018 ਦੇ ਵਿੱਚ ਬਲਕਾਰ ਸਿੰਘ ਸੰਧੂ ਮੇਅਰ ਬਣੇ ਸਨ। ਪਿਛਲੇ 34 ਸਾਲ ਤੋਂ ਲੁਧਿਆਣਾ ਦੇ ਵਿੱਚ ਕੋਈ ਮਹਿਲਾ ਮੇਅਰ ਨਹੀਂ ਬਣੀ ਹੈ। ਹਾਲਾਂਕਿ ਡਿਪਟੀ ਮੇਅਰ ਦਾ ਅਹੁਦਾ ਜ਼ਰੂਰ ਮਹਿਲਾਵਾਂ ਨੂੰ ਮਿਲ ਚੁੱਕਿਆ ਹੈ।