ਅੰਮ੍ਰਿਤਸਰ : ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਦੇ ਵਿੱਚ ਪਹੁੰਚ ਰਹੇ ਹਨ ਪਰ ਕਿਸਾਨਾਂ ਨੂੰ ਫਸਲ ਦਾ ਮੁੱਲ ਸਹੀ ਨਾ ਮਿਲਣ ਉੱਤੇ ਕਿਸਾਨਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨੀਂ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਨੂੰ ਮੰਡੀਆਂ ਵਿੱਚ ਫਸਲ ਦਾ ਮੁੱਲ ਸਹੀ ਨਾ ਮਿਲਿਆ ਤਾਂ ਪ੍ਰਦਰਸ਼ਨ ਕਰਾਂਗੇ। ਜਿਸ ਦੇ ਚੱਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਕਿਸਾਨਾਂ ਵੱਲੋਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਦੇ ਬਾਹਰ ਪਹੁੰਚ ਕੇ ਬਾਸਮਤੀ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਕੇਂਦਰ ਦੀ ਨੀਅਤ ਅਤੇ ਨੀਤੀ ਖੋਟੀ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਜੇਕਰ 3200 ਤੋਂ ਘੱਟ ਬਾਸਮਤੀ ਦਾ ਰੇਟ ਕਿਸਾਨਾਂ ਨੂੰ ਮਿਲੇਗਾ ਤੇ ਸਰਕਾਰ ਕਿਸਾਨ ਦਾ ਘਾਟਾ ਖੁਦ ਪੂਰਾ ਕਰੇਗੀ ਪਰ ਸਰਕਾਰ ਵੱਲੋਂ ਇਸ ਵਿੱਚ ਕੋਈ ਵੀ ਦਖਲਅੰਦਾਜੀ ਨਹੀਂ ਦਿਖਾਈ ਗਈ। ਜਿਸ ਦੇ ਚਲਦਿਆਂ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਤਾਂ ਕਿਸਾਨਾਂ ਨੂੰ ਮਾਰਨਾ ਚਾਹੁੰਦਾ ਹੀ ਸੀ ਪਰ ਹੁਣ ਇਹ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਮਾਰਨ 'ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨੀਅਤ ਅਤੇ ਨੀਤੀ ਖੋਟੀ ਹੈ, ਉਹ ਕਿਸਾਨਾਂ ਨੂੰ ਮਾਰਨ ਲਈ ਪਹਿਲਾਂ ਤੋਂ ਹੀ ਤਿਆਰੀ ਵਿੱਚ ਹੈ।