ਚੰਡੀਗੜ੍ਹ:ਅੱਜ ਕਿਸਾਨ ਅੰਦੋਲਨ ਦਾ ਪੰਜਵਾਂ ਦਿਨ ਹੈ। ਅੰਦੋਲਨ ਦੇ ਚੌਥੇ ਦਿਨ ਜਦੋਂ ਕਿਸਾਨਾਂ ਨੇ ਸ਼ੰਭੂ ਸਰਹੱਦ ਉੱਤੇ ਬੈਰੀਕੇਡਾਂ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਗੋਲੇ ਫਟਣ ਨਾਲ ਕਈ ਕਿਸਾਨ ਜ਼ਖਮੀ ਹੋ ਗਏ। ਕਿਸਾਨ ਦਿੱਲੀ ਜਾਣ ਦੀ ਜ਼ਿੱਦ ਨਾਲ ਸ਼ੰਭੂ ਬਾਰਡਰ 'ਤੇ ਅੜ੍ਹੇ ਹੋਏ ਹਨ। ਇਸ ਅੰਦੋਲਨ ਵਿੱਚ ਇੱਕ ਕਿਸਾਨ ਅਤੇ ਇੱਕ ਸਬ ਇੰਸਪੈਕਟਰ ਸਮੇਤ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਤੇ ਟੋਲ ਪਲਾਜ਼ੇ ਕੀਤੇ ਜਾਣਗੇ ਮੁਫ਼ਤ: ਪੰਜਾਬ ਦੀ ਵੱਡੀ ਕਿਸਾਨ ਜਥੇਬੰਦੀ ਬੀਕੇਯੂ (ਉਗਰਾਹਾਂ) ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋ ਗਈ ਹੈ। ਬੀਕੇਯੂ ਉਗਰਾਹਾਂ ਵੱਲੋਂ ਅੱਜ ਪੰਜਾਬ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਵਲ ਢਿੱਲੋਂ ਸ਼ਾਮਲ ਹਨ। ਇਸ ਤੋਂ ਇਲਾਵਾ ਅੱਜ ਤੋਂ 2 ਦਿਨਾਂ ਲਈ ਪੰਜਾਬ ਦੇ ਸਾਰੇ ਟੋਲ ਮੁਫ਼ਤ ਕੀਤੇ ਜਾਣਗੇ। ਉਥੇ ਹੀ ਹਰਿਆਣਾ ਵਿੱਚ ਬੀਕੇਯੂ (ਚੜੂਨੀ) ਵੱਲੋਂ ਤਹਿਸੀਲਾਂ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ।
ਕਿਸਾਨਾਂ ਨੇ ਧਰਨੇ ਦੇ ਚੌਥੇ ਦਿਨ ਕੀਤਾ ਭਾਰਤ ਬੰਦ: ਕਿਸਾਨਾਂ ਦੇ ਦਿੱਲੀ ਮਾਰਚ ਦਾ ਸ਼ੁੱਕਰਵਾਰ ਚੌਥਾ ਦਿਨ ਸੀ। ਕਿਸਾਨਾਂ ਨੇ ਚੌਥਾ ਦਿਨ ਭਾਰਤ ਬੰਦ ਦਾ ਐਲਾਨ ਕੀਤਾ ਸੀ, ਜਿਸ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਪੂਰਾ ਸਮਰਥਨ ਮਿਲਿਆ। ਦੋਵਾਂ ਸੂਬਿਆਂ ਵਿੱਚ ਰੋਡਵੇਜ਼ ਕਰਮਚਾਰੀ ਵੀ ਅੰਦੋਲਨ ਦੇ ਸਮਰਥਨ ਵਿੱਚ ਆ ਗਏ। ਜਿਸ ਕਾਰਨ ਸਰਕਾਰੀ ਬੱਸਾਂ ਨਹੀਂ ਚੱਲੀਆਂ। ਪੰਜਾਬ ਵਿੱਚ ਪ੍ਰਾਈਵੇਟ ਬੱਸਾਂ ਵੀ ਬੰਦ ਰਹੀਆਂ। ਰਾਜਸਥਾਨ ਦੇ ਹਨੂੰਮਾਨਗੜ੍ਹ ਅਤੇ ਸ਼੍ਰੀਗੰਗਾਨਗਰ ਜ਼ਿਲ੍ਹਿਆਂ ਦੇ ਪੇਂਡੂ ਖੇਤਰਾਂ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਹਿਮਾਚਲ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ।
ਇੱਕ ਕਿਸਾਨ ਅਤੇ ਇੱਕ ਸਬ ਇੰਸਪੈਕਟਰ ਸਮੇਤ ਦੋ ਲੋਕਾਂ ਦੀ ਮੌਤ: ਸ਼ੁੱਕਰਵਾਰ ਸਵੇਰੇ ਅੰਦੋਲਨ ਵਿੱਚ ਸ਼ਾਮਲ ਪੰਜਾਬ ਦੇ ਗੁਰਦਾਸਪੁਰ ਦੇ ਕਿਸਾਨ ਗਿਆਨ ਸਿੰਘ ਦੀ ਮੌਤ ਹੋ ਗਈ। ਸ਼ਾਮ ਨੂੰ ਉਸ ਦੀ ਦੇਹ ਨੂੰ ਸ਼ੰਭੂ ਸਰਹੱਦ ਲਿਆਂਦਾ ਗਿਆ। ਜਿੱਥੇ ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉੱਥੇ ਹੀ ਅੰਬਾਲਾ ਜੀਆਰਪੀ ਵਿੱਚ ਤਾਇਨਾਤ ਸਬ-ਇੰਸਪੈਕਟਰ ਹੀਰਾਲਾਲ, ਜੋ ਅੰਦੋਲਨ ਦੀ ਡਿਊਟੀ 'ਤੇ ਸਨ, ਦੀ ਮੌਤ ਹੋ ਗਈ। ਇਸ ਦਾ ਕਾਰਨ ਅੱਥਰੂ ਗੈਸ ਦੇ ਗੋਲਿਆਂ ਕਾਰਨ ਦਮ ਘੁੱਟਣਾ ਦੱਸਿਆ ਜਾ ਰਿਹਾ ਹੈ।
ਭਲਕੇ ਮੁੜ ਹੋਵੇਗੀ ਮੀਟਿੰਗ: ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ ਕੱਲ੍ਹ ਐਤਵਾਰ (18 ਫਰਵਰੀ) ਨੂੰ ਚੰਡੀਗੜ੍ਹ ਵਿਖੇ ਚੌਥੀ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ ਵੀਰਵਾਰ 15 ਫਰਵਰੀ ਨੂੰ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਹੋਈ ਤੀਜੇ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ। ਇਸ 'ਚ ਸਰਕਾਰ ਨੇ MSP 'ਤੇ ਕਾਨੂੰਨ ਬਣਾਉਣ ਲਈ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਜਿਸ ਵਿੱਚ ਕਿਸਾਨ ਅਤੇ ਸਰਕਾਰ ਦੋਵਾਂ ਦੇ ਨੁਮਾਇੰਦੇ ਹੋਣਗੇ। ਪਰ, ਕਿਸਾਨ ਆਗੂ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ 'ਤੇ ਅੜੇ ਰਹੇ। ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੇਂਦਰੀ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ, ਨਿਤਿਆਨੰਦ ਰਾਏ ਵੀ ਮੌਜੂਦ ਸਨ।