ਚੰਡੀਗੜ੍ਹ: ਅੱਜ ਕਿਸਾਨ ਅੰਦੋਲਨ ਦਾ ਸੱਤਵਾਂ ਦਿਨ ਹੈ। ਪੰਜਾਬ-ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਕਿਸਾਨ ਲਗਾਤਾਰ ਡਟੇ ਹੋਏ ਹਨ, ਜਿਹਨਾਂ ਨੂੰ ਹਰਿਆਣਾ ਸਰਕਾਰ ਨੇ ਬੈਰੀਕੇਡ ਲਗਾਕੇ ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ। ਦੇਰ ਰਾਤ ਤਕ ਹੋਈ ਬੈਠਕ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਗਿਆ ਹੈ, ਜਿਸ ਉੱਤੇ ਕਿਸਾਨ ਅੱਜ ਵਿਚਾਰ ਕਰਨਗੇ ਅਜੇ ਇਸ ਸਬੰਧੀ ਭਲਕੇ ਫੈਸਲਾ ਲੈਣਗੇ ਕਿ ਉਹਨਾਂ ਨੇ ਦਿੱਲੀ ਵੱਲ ਵਧਣਾ ਹੈ ਜਾਂ ਫਿਰ ਕੇਂਦਰ ਦਾ ਪ੍ਰਸਤਾਵ ਮਨਜ਼ੂਰ ਹੈ।
ਦੇਰ ਰਾਤ ਤਕ ਚੱਲੀ ਬੈਠਕ:ਚੰਡੀਗੜ੍ਹ ਵਿੱਚ ਕੇਂਦਰ-ਕਿਸਾਨਾਂ ਦੀ ਮੀਟਿੰਗ ਦਾ ਚੌਥਾ ਦੌਰ ਐਤਵਾਰ ਦੇਰ ਰਾਤ ਸਮਾਪਤ ਹੋ ਗਿਆ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਸਾਡੀ ਗੱਲਬਾਤ ਸਕਾਰਾਤਮਕ ਰਹੀ। ਅਸੀਂ ਕਿਸਾਨਾਂ ਨੂੰ ਦਾਲਾਂ, ਕਪਾਹ ਅਤੇ ਮੱਕੀ ਦੀ ਫਸਲ ਉੱਤੇ 5 ਸਾਲਾਂ ਲਈ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਦਾ ਪ੍ਰਸਤਾਵ ਦਿੱਤਾ ਹੈ। ਇਸ 'ਤੇ ਕਿਸਾਨਾਂ ਨੇ ਕਿਹਾ ਕਿ ਉਹ ਵਿਚਾਰ ਕਰਨਗੇ ਤੇ 21 ਫਰਵਰੀ ਨੂੰ ਆਪਣਾ ਫੈਸਲਾ ਸੁਣਾਉਣਗੇ।
ਕਿਸਾਨ ਕੱਲ੍ਹ ਲੈਣਗੇ ਫੈਸਲਾ:ਦੂਜੇ ਪਾਸੇ ਮੀਟਿੰਗ ਤੋਂ ਬਾਅਦ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਅਸੀਂ ਸਰਕਾਰ ਦੇ ਪ੍ਰਸਤਾਵ 'ਤੇ ਚਰਚਾ ਕਰਾਂਗੇ। ਅਸੀਂ ਅੱਜ ਸਵੇਰੇ ਜਾਂ ਸ਼ਾਮ ਜਾਂ ਕੱਲ੍ਹ ਤੱਕ ਇਸ ਬਾਰੇ ਫੈਸਲਾ ਲਵਾਂਗੇ। ਮੰਤਰੀ ਨੇ ਕਿਹਾ ਕਿ ਉਹ ਦਿੱਲੀ ਵਿੱਚ ਗੱਲਬਾਤ ਕਰਕੇ ਸਾਡੀਆਂ ਹੋਰ ਮੰਗਾਂ ਬਾਰੇ ਵੀ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਸਾਡੀਆਂ ਸਾਰੀਆਂ ਮੰਗਾਂ 'ਤੇ ਅਜੇ ਤੱਕ ਸਰਕਾਰ ਨਾਲ ਗੱਲਬਾਤ ਨਹੀਂ ਹੋਈ ਹੈ। ਅਸੀਂ ਅਗਲੇ ਦੋ ਦਿਨਾਂ (19-20 ਫਰਵਰੀ) ਵਿੱਚ ਸਰਕਾਰ ਦੇ ਪ੍ਰਸਤਾਵ 'ਤੇ ਵਿਚਾਰ ਕਰਾਂਗੇ। ਇਸ ਤੋਂ ਬਾਅਦ ਅਸੀਂ 21 ਫਰਵਰੀ ਨੂੰ ਹੋਣ ਵਾਲੇ ਦਿੱਲੀ ਚਲੋ ਮਾਰਚ ਬਾਰੇ ਫੈਸਲਾ ਲਵਾਂਗੇ। ਅਸੀਂ ਵੀ ਚਾਹੁੰਦੇ ਹਾਂ ਕਿ ਸਰਕਾਰ ਨਾਲ ਬੈਠ ਕੇ ਕੋਈ ਹੱਲ ਕੱਢਿਆ ਜਾਵੇ।