ਪੰਜਾਬ

punjab

ETV Bharat / state

ਕਿਸਾਨਾਂ ਨੇ ਵਾਹੀ ਮਟਰਾਂ ਦੀ ਖੜ੍ਹੀ ਫਸਲ, ਮੌਸਮ ਅਤੇ ਨਕਲੀ ਡੀਏਪੀ ਖਾਦ ਨੂੰ ਦੱਸਿਆ ਨੁਕਸਾਨ ਲਈ ਜ਼ਿੰਮੇਵਾਰ

ਅੰਮ੍ਰਿਤਸਰ ਵਿੱਚ ਨਕਲੀ ਖਾਦ ਅਤੇ ਮੌਸਮ ਦੀ ਮਾਰ ਤੋਂ ਪਰੇਸ਼ਾਨ ਕਿਸਾਨਾਂ ਨੇ ਹਰੇ ਮਟਰਾਂ ਦੀ ਖੜ੍ਹੀ ਫਸਲ ਵਾਹ ਕੇ ਨਸ਼ਟ ਕਰ ਦਿੱਤੀ ਹੈ।

weather and fake DAP fertilizer
ਕਿਸਾਨਾਂ ਨੇ ਵਾਹੀ ਮਟਰਾਂ ਦੀ ਖੜ੍ਹੀ ਫਸਲ (ETV BHARAT PUNJAB (ਰਿਪੋਟਰ,ਅੰਮ੍ਰਿਤਸਰ))

By ETV Bharat Punjabi Team

Published : 5 hours ago

ਅੰਮ੍ਰਿਤਸਰ:ਕਦੇ ਮੌਸਮ ਅਤੇ ਕਦੇ ਨਕਲੀ ਦਵਾਈਆਂ ਦੀ ਮਾਰ ਕਾਰਨ ਪੰਜਾਬ ਦਾ ਕਿਸਾਨ ਆਏ ਦਿਨ ਘਾਟੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਸਰਦੀ ਦੀ ਇਸ ਫਸਲ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਕਿਉਂਕਿ ਇਸ ਵਾਰ ਸਹੀ ਸਮੇਂ ਅਨੁਸਾਰ ਸਰਦੀ ਦੀ ਸ਼ੁਰੂਆਤ ਨਾ ਹੋਣ ਕਾਰਨ ਮਟਰਾਂ ਦੀ ਫਸਲ ਤੋਂ ਝਾੜ ਨਹੀਂ ਨਿਕਲਿਆ ਅਤੇ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ।

ਕਿਸਾਨਾਂ ਨੇ ਵਾਹੀ ਮਟਰਾਂ ਦੀ ਫਸਲ (ETV BHARAT PUNJAB (ਰਿਪੋਟਰ,ਅੰਮ੍ਰਿਤਸਰ))

ਨਕਲੀ ਡੀਏਪੀ ਖਾਦ ਨੇ ਨਸ਼ਟ ਕੀਤਾ ਝਾੜ

ਸਰਦੀਆਂ ਵਿੱਚ ਸੌਗਾਤ ਵਜੋਂ ਜਾਣੀ ਜਾਂਦੀ ਮਟਰਾਂ ਦੀ ਫਸਲ ਇਸ ਵਾਰ ਕਾਫੀ ਇਲਾਕਿਆਂ ਵਿੱਚ ਘੱਟ ਝਾੜ ਕਾਰਨ ਕਿਸਾਨਾਂ ਲਈ ਪਰੇਸ਼ਾਨੀ ਬਣ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਕਲੀ ਡੀਏਪੀ ਖਾਦ ਕਾਰਣ ਉਨ੍ਹਾਂ ਦੀ ਕਈ ਏਕੜ ਫਸਲ ਬਿਲਕੁੱਲ ਬਰਬਾਦ ਹੋ ਗਈ ਅਤੇ ਝਾੜ ਵੀ ਨਾ-ਮਾਤਰ ਹੀ ਨਿਕਲਿਆ ਹੈ। ਕਿਸਾਨਾਂ ਮੁਤਾਬਿਕ ਨਕਲੀ ਡੀਏਪੀ ਖਾਦ ਜਿਹੜੀ ਵੀ ਫਸਲ ਲਈ ਇਸਤੇਮਾਲ ਹੋਈ ਹੈ ਉਸ ਦਾ ਨੁਕਸਾਨ ਹੋਣਾ ਤੈਅ ਹੈ। ਇਸ ਲਈ ਸਰਕਾਰ ਨੂੰ ਅਜਿਹੇ ਧੋਖਾਧੜੀ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ ਸਖ਼ਤ ਐਕਸ਼ਨ ਕਰਦਿਆਂ ਉਨ੍ਹਾਂ ਦੇ ਲਾਈਸੈਂਸ ਰੱਦ ਕਰਨੇ ਚਾਹੀਦੇ ਹਨ।

ਕਿਸਾਨਾਂ ਨੂੰ ਪਿਆ ਵੱਡਾ ਘਾਟਾ
ਆਪਣੇ ਖੇਤਾਂ ਵਿੱਚ ਮਟਰ ਦੀ ਫਸਲ ਵਾਹ ਰਹੇ ਵੱਖ-ਵੱਖ ਕਿਸਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਵਾਰ ਹੁਣ ਤੱਕ ਠੰਡ ਨਹੀਂ ਪਈ ਅਤੇ ਗਰਮੀ ਕਾਰਨ ਮਟਰਾਂ ਨੂੰ ਚੰਗੀ ਤਰ੍ਹਾਂ ਦਾਣਾ ਨਹੀਂ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਕ ਏਕੜ ਜ਼ਮੀਨ ਵਿੱਚ ਮਟਰਾਂ ਦੀ ਫਸਲ ਉੱਤੇ ਕਰੀਬ 40 ਤੋਂ 45 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ ਅਤੇ ਜੇਕਰ ਵਧੀਆ ਫਸਲ ਹੁੰਦੀ ਹੈ ਤਾਂ ਇੱਕ ਏਕੜ ਮਟਰ ਦੀ ਫਸਲ ਵਿੱਚੋਂ 60 ਤੋਂ 65 ਹਜ਼ਾਰ ਰੁਪਏ ਵੱਟੇ ਜਾਂਦੇ ਹਨ ਪਰ ਇਸ ਵਾਰ ਨਕਲੀ ਖਾਦ ਅਤੇ ਮੌਸਮ ਦੀ ਤਬਦੀਲੀ ਕਾਰਨ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ ਅਤੇ ਮਜਬੂਰੀ ਦੇ ਚਲਦੇ ਉਨ੍ਹਾਂ ਵੱਲੋਂ ਹੁਣ ਖੇਤਾਂ ਦੇ ਵਿੱਚ ਖੜੀ ਫਸਲ ਨੂੰ ਵਾਹ ਦਿੱਤਾ ਗਿਆ ਹੈ।

ਮੁਆਵਜ਼ੇ ਦੀ ਮੰਗ

ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਫੀ ਕਿਸਾਨਾਂ ਦੇ ਕੋਲ ਠੇਕੇ ਉੱਤੇ ਜ਼ਮੀਨ ਹੈ ਅਤੇ ਝੋਨੇ ਤੋਂ ਕਮਾਏ ਗਏ ਪੈਸਿਆਂ ਦੇ ਨਾਲ ਉਨ੍ਹਾਂ ਵੱਲੋਂ ਖੇਤ ਵਿੱਚ ਮਟਰਾਂ ਦੀ ਫਸਲ ਲਗਾਈ ਗਈ ਸੀ ਪਰ ਇਹ ਫਸਲ ਖਰਾਬ ਹੋਣ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਹੁਣ ਕਣਕ ਦੀ ਫਸਲ ਬੀਜਣ ਤੋਂ ਵੀ ਉਹ ਔਖੇ ਨਜ਼ਰ ਆ ਰਹੇ ਹਨ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਜ਼ਾਰ ਦੇ ਵਿੱਚ ਨਕਲੀ ਡੀਏਪੀ ਖਾਦ ਵੇਚ ਰਹੇ ਦੁਕਾਨਦਾਰਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਫਸਲਾਂ ਦੇ ਨੁਕਸਾਨ ਦੇ ਲਈ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਅਗਲੀ ਫਸਲ ਬੀਜ ਸਕਣ।


ABOUT THE AUTHOR

...view details