ਸ੍ਰੀ ਫਤਿਹਗੜ੍ਹ ਸਾਹਿਬ: ਦੇਸ਼ ਭਰ ਵਿੱਚ ਲੋਕਾਂ ਦੇ ਵੱਲੋਂ ਦਿਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਉੱਥੇ ਹੀ ਫਸਲਾਂ ਦੀ ਖਰੀਦ ਨਾ ਹੋਣ ਦੇ ਕਾਰਨ ਫਤਿਹਗੜ੍ਹ ਸਾਹਿਬ ਦੀ ਸਰਹਿੰਦ ਮੰਡੀ ਦੇ ਵਿੱਚ ਕਿਸਾਨ ਦਿਵਾਲੀ ਮਨਾਉਣ ਦੇ ਲਈ ਮਜਬੂਰ ਸਨ। ਮੰਡੀਆਂ ਦੇ ਵਿੱਚ ਕਿਸਾਨ ਰੁਲ ਰਹੇ ਹਨ ਅਤੇ ਦਿਵਾਲੀ ਵਾਲੇ ਦਿਨ ਵੀ ਮੰਡੀ 'ਚ ਰਾਤਾਂ ਕੱਟਣ ਨੂੰ ਮਜਬੂਰ ਹਨ। ਕਿਸਾਨਾਂ ਨੂੰ ਝੋਨੇ ਦੀ ਰਾਖੀ ਲਈ ਬੈਠਣਾ ਪੈਂਦਾ ਹੈ ਕਿਉਂਕਿ ਝੋਨਾ ਮੰਡੀ ਵਿੱਚੋਂ ਚੋਰੀ ਹੋ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਮਜ਼ਬੂਰੀ ਹੈ ਕਿ ਸਾਨੂੰ ਤਿਉਹਾਰ ਘਰਾਂ ਤੋਂ ਦੂਰ ਰਹਿ ਕੇ ਮਨਾਉਣੇ ਪੈ ਰਹੇ ਹਨ।
ਕਿਸਾਨ ਮੰਡੀਆਂ 'ਚ ਦਿਵਾਲੀ ਮਨਾਉਣ ਲਈ ਮਜਬੂਰ ਕਿਸਾਨ (ETV Bharat (ਪੱਤਰਕਾਰ , ਫਤਿਹਗੜ੍ਹ ਸਾਹਿਬ)) ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ
ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪੂਰੇ ਦੇਸ਼ ਭਰ ਦੇ ਲੋਕ ਖੁਸ਼ੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਦਿਵਾਲੀ ਮਨਾ ਰਹੇ ਹਨ ਜਦੋਂ ਕਿ ਕਿਸਾਨ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹਨ। ਜਿਸ ਦੇ ਲਈ ਪੰਜਾਬ ਅਤੇ ਕੇਂਦਰ ਸਰਕਾਰ ਜਿੰਮੇਵਾਰ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਫਸਲ ਬੀਜਣ ਦੇ ਲਈ ਡੀਏਪੀ ਖਾਦ ਨਹੀਂ ਮਿਲ ਰਹੀ। ਜਿਸ ਕਰਕੇ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਾਤਾਂ ਨੂੰ ਵੀ ਮੰਡੀਆਂ 'ਚ
ਕਿਸਾਨਾਂ ਨੇ ਕਿਹਾ ਕਿ ਹਾਲਾਤ ਇਹ ਹਨ ਕਿ ਹਾਲੇ ਤੱਕ 40 ਫੀਸਦੀ ਹੀ ਝੋਨੇ ਦੀ ਵਾਢੀ ਹੋਈ ਹੈ ਅਤੇ ਉਹ ਮੰਡੀਆਂ ਵਿੱਚ ਪਿਆ ਹੈ। ਜੇਕਰ ਕੋਈ ਕੁਦਰਤ ਦੀ ਕਰੋਪੀ ਪੈਂਦੀ ਹੈ ਤਾਂ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਨੇ ਕਿਹਾ ਕਿ ਉਹ ਰਾਤ ਨੂੰ ਵੀ ਮੰਡੀਆਂ ਦੇ ਵਿੱਚ ਸਮਾਂ ਕੱਟ ਰਹੇ ਹਨ, ਝੋਨੇ ਦੀ ਰਾਖੀ ਬੈਠਣਾ ਪੈਂਦਾ ਹੈ। ਅਜਿਹੇ ਹਾਲਾਤ ਪਹਿਲਾਂ ਨਹੀਂ ਹੋਏ। ਇਨ੍ਹਾਂ ਦਿਨਾਂ ਦੇ ਵਿੱਚ ਉਹ ਪਹਿਲਾਂ ਹੀ ਝੋਨਾ ਵੇਚ ਕੇ ਚਲੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਕਣਕ ਬੀਜਣ ਦਾ ਸਮਾਂ ਸਿਰ ਉੱਤੇ ਆ ਗਿਆ ਹੈ ਪਰ ਹਾਲੇ ਤੱਕ ਮੰਡੀਆਂ ਦੇ ਵਿੱਚ ਝੋਨਾ ਦੀ ਨਾ ਲਿਫਟਿੰਗ ਹੋਈ ਅਤੇ ਨਾ ਹੀ ਕੋਈ ਅਦਾਇਗੀ।
ਘਰ ਦੇ ਵਿੱਚ ਰੱਖੇ ਹੋਏ ਪਸ਼ੂ ਵੀ ਭੁੱਖੇ ਮਰ ਰਹੇ
ਮੰਡੀ ਵਿੱਚ ਬੈਠੇ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੀ ਫਸਲ ਵਿਕਣ ਦੀ ਉਡੀਕ ਵਿੱਚ ਵਿੱਚ ਬੈਠੇ ਹਨ ਪਰ ਫਸਲ ਨਹੀਂ ਵਿਕ ਰਹੀ। ਜਿਸ ਕਰਕੇ ਉਨ੍ਹਾਂ ਦੇ ਘਰ ਦੇ ਵਿੱਚ ਰੱਖੇ ਹੋਏ ਪਸ਼ੂ ਵੀ ਭੁੱਖੇ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਫਸਲ ਵਿਕ ਜਾਂਦੀ ਤਾਂ ਉਹ ਵੀ ਦਿਵਾਲੀ ਆਪਣੇ ਘਰ ਜਾ ਕੇ ਮਨਾਉਂਦੇ।