ਅੰਮ੍ਰਿਤਸਰ :ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਕੁਝ ਕਿਸਾਨਾਂ ਦੀਆਂ ਫ਼ਸਲਾਂ ਲਈ ਤਬਾਹੀ ਬਣ ਕੇ ਆਈ ਹੈ। ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਦੰਗਈ ਅੰਦਰ ਕਿਸਾਨਾਂ ਦੀ ਬੇਮੌਸਮੀ ਬਰਸਾਤ ਕਰਕੇ ਫਸਲ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਇਸ ਨੂੰ ਲੈ ਕੇ ਕਿਸਾਨਾਂ ਨੇ ਖਰਾਬ ਹੋਈ ਫ਼ਸਲ ਦਾ ਦੁਖੜਾ ਸੁਣਾਉਂਦੇ ਹੋਏ ਕਿਹਾ ਕਿ ਬੇਮੌਸਮੀ ਬਰਸਾਤ ਕਰਕੇ ਕਿਸਾਨਾਂ ਦੀ ਫਸਲ ਦਾ ਅਕਸਰ ਹੀ ਬਹੁਤ ਜਿਆਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਕਿਸਾਨਾਂ ਦੀ ਨੁਕਸਾਨੀ ਫਸਲ ਦਾ ਜਲਦ ਤੋਂ ਜਲਦ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਪਹਿਲਾਂ ਮੁਆਵਜ਼ਾ ਵੀ ਨਹੀਂ ਮਿਲਿਆ, ਨਵਾਂ ਨੁਕਸਾਨ ਹੋਇਆ:ਗੱਲ ਕਰਦਿਆ ਕਿਸਾਨ ਸੁਖਵੰਤ ਸਿੰਘ ਨੇ ਕਿਹਾ ਕਿ ਉਸ ਦੀ ਫ਼ਸਲ ਵੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਗਿਰਦਵਾਰੀਆਂ ਕਰਵਾ ਕੇ ਜੋ ਬਣਦਾ ਮੁਆਵਜ਼ਾ ਹੈ, ਉਹ ਕਿਸਾਨਾਂ ਨੂੰ ਦਿੱਤਾ ਜਾਵੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਜਿਹੜੇ ਕਿਤੇ ਕਾਗਜ਼ਾਂ ਵਿੱਚ ਬਣੇ ਪਏ ਮੁਆਵਜ਼ੇ ਪਹਿਲਾ ਦੇ ਵੀ ਰਹਿੰਦੇ ਹਨ, ਕਿਰਪਾ ਕਰਕੇ ਉਹ ਵੀ ਕਿਸੇ ਹੱਦ ਤੱਕ ਲੋਕਾਂ ਤੱਕ ਪਹੁੰਚਦੇ ਕੀਤੇ ਜਾਣ, ਕਿਉਂਕਿ ਉਹ ਕਾਗਜ਼ ਅਜੇ ਵੀ ਤਹਸੀਲਾਂ-ਕਚਹਿਰੀਆਂ ਵਿੱਚ ਧੂੜ ਖਾ ਰਹੇ ਹਨ।