ਹੈਦਰਾਬਾਦ ਡੈਸਕ: ਫਸਲਾਂ ਅਤੇ ਨਸਲਾਂ ਦੀ ਲੜਾਈ ਨੂੰ ਲੜਦੇ ਹੋਏ ਕਿਸਾਨ ਵੱਲੋਂ 13 ਫ਼ਰਵਰੀ ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ 'ਤੇ ਵੱਖ-ਵੱਖ ਮੋਰਚੇ ਲਗਾਏ ਹੋਏ ਹਨ। ਇਸ ਦੇ ਚੱਲਦੇ ਹੋਏ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਵੱਖ-ਵੱਖ ਯੋਜਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਗਿਆ ਹੈ।
"ਮੋਦੀ ਦੀਆਂ ਜੜ੍ਹਾਂ ਹਿਲਾ ਦੇਵਾਂਗੇ, ਪਾਲਿਸੀ ਨੂੰ ਵਾਪਸ ਕਰਵਾ ਕੇ ਹੀ ਹਟਾਂਗੇ। ਜਿਵੇਂ ਭਗਵੰਤ ਮਾਨ ਨੂੰ ਨਵਾਂ ਖਰੜਾ ਵਾਪਸ ਲੈਣ ਦਾ ਐਲਾਨ ਕਰਨ ਪਿਆ, ਉਸੇ ਤਰ੍ਹਾਂ ਹੀ ਮੋਦੀ ਸਰਕਾਰ ਦੇ ਚੰਗਿਆੜੇ ਵੀ ਨਿਕਲ ਜਾਣਗੇ"। ਸਰਵਣ ਸਿੰਘ ਪੰਧੇਰ, ਕਿਸਾਨ ਆਗੂ
ਜਾਣੋ ਅਗਲੀ ਰਣਨੀਤੀ
ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਨੂੰ ਅੱਜ ਮੁੜ ਤੋਂ ਅਪੀਲ ਕਰਦੇ ਹੋਏ ਅਗਲੇ 3 ਵੱਡੇ ਐਲਾਨਾਂ ਬਾਰੇ ਦੱਸਿਆ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੀ 26 ਜਨਵਰੀ ਨੂੰ ਪੂਰੇ ਭਾਰਤ ਦੀਆਂ ਸੜਕਾਂ 'ਤੇ ਟਰੈਕਟਰ ਦੌੜਨਗੇ। ਇਸ ਟਰੈਕਟਰ ਮਾਰਚ ਨਾਲ ਕੇਂਦਰ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦਵਾਂਗੇ। ਇਸ ਦੇ ਨਾਲ ਹੀ ਪੰਧੇਰ ਨੇ ਕਿਹਾ ਕਿ "ਉਸ ਤੋਂ ਪਹਿਲਾਂ 13 ਜਨਵਰੀ ਯਾਨੀ ਕਿ ਲੋਹੜੀ 'ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਹਰ ਪਿੰਡ 'ਚ ਸਾੜੀਆਂ ਜਾਣਗੀਆਂ ਅਤੇ 10 ਜਨਵਰੀ ਨੂੰ ਹਰ ਪਿੰਡ 'ਚ ਮੋਦੀ ਦੇ ਪੁਤਲੇ ਸਾੜੇ ਜਾਣਗੇ ਅਤੇ ਹਰ ਇੱਕ ਤੱਕ ਇਹ ਜਾਣਕਾਰੀ ਪਹੁੰਚਾਈ ਜਾਵੇਗੀ ਕਿ ਇਹੀ ਪ੍ਰਧਾਨ ਮੰਤਰੀ ਹੈ ਜਿਸ ਕਾਰਨ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ"।
ਡੱਲੇਵਾਲ ਦਾ ਮਰਨ ਵਰਤ ਜਾਰੀ
ਕਾਬਲੇਜ਼ਿਕਰ ਹੈ ਕਿ ਅੱਜ 44ਵੇਂ ਦਿਨ 'ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ। ਇਸ ਕਾਰਨ ਉਨ੍ਹਾਂ ਦੀ ਸਿਹਤ ਬੀਤ ਰਹੇ ਹਰ ਪਲ ਨਾਲ ਨਾਸਾਜ਼ ਹੁੰਦੀ ਜਾ ਰਹੀ ਹੈ। ਜਦੋਂ ਉਨ੍ਹਾਂ ਨੇ ਮਰਨ ਵਰਤ ਸ਼ੁਰੂ ਕੀਤਾ ਉਦੋਂ ਤੋਂ 3 ਵਾਰ ਉਨ੍ਹਾਂ ਦੀ ਹਾਲਤ ਇੰਨੀ ਕੁ ਜਿਆਦਾ ਖਰਾਬ ਹੋ ਗਈ ਸੀ ਕਿ ਡਾਕਟਰਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਸੀ ਕਿਉਂਕਿ ਉਨ੍ਹਾਂ ਵੱਲੋਂ ਆਪਣਾ ਇਲਾਜ ਵੀ ਨਹੀਂ ਕਰਵਾਇਆ ਜਾ ਰਿਹਾ ।
ਬੀਜੇਪੀ ਆਗੂਆਂ ਦੀ ਜਥੇਦਾਰ ਸਾਹਿਬ ਨਾਲ ਮੁਲਾਕਾਤ
ਤੁਹਾਨੂੰ ਦਸ ਦਈਏ ਕਿ ਜਿੱਥੇ ਵੱਖ-ਵੱਖ ਲੀਡਰਾਂ, ਕਮੇਟੀ ਮੈਂਬਰਾਂ ਵੱਲੋਂ ਡੱਲੇਵਾਲ ਦਾ ਹਾਲ ਜਾਣਿਆ ਗਿਆ ਅਤੇ ਉਨ੍ਹਾਂ ਮਰਨ ਵਰਤ ਖੁੱਲ੍ਹਣ ਦੀ ਅਪੀਲ਼ ਕੀਤੀ ਗਈ ਪਰ ਡੱਲੇਵਾਲ ਵੱਲੋਂ ਅਜਿਹਾ ਨਹੀਂ ਕੀਤਾ ਗਿਆ। ਹੁਣ ਇਸ ਦੌਰਾਨ ਪੰਜਾਬ ਬੀਜੇਪੀ ਦੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਡੱਲੇਵਾਲ ਦਾ ਵਰਤ ਖੁੱਲ੍ਹਣ ਲਈ ਅਪੀਲ਼ ਕਰਨਗੇ।