"ਐਕਸ਼ਨ ਲਓ, ਨਹੀਂ ਤਾਂ ਭਾਜਪਾ ਵਾਂਗ ਆਪ ਦਾ ਵੀ ਹੋਵੇਗਾ ਵਿਰੋਧ" ਮਾਨਸਾ: ਕਿਸਾਨਾਂ ਵੱਲੋਂ ਸੈਲੋ ਕੰਪਨੀ ਦੇ ਪੰਜਾਬ ਵਿੱਚ 9 ਜ਼ਿਲ੍ਹਿਆਂ ਚੋਂ ਖਰੀਦ ਕੇਂਦਰ ਸਥਾਪਿਤ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਸਰਕਾਰ ਦੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਚਿਤਾਵਨੀ ਪੱਤਰ ਦਿੱਤੇ ਗਏ। ਕਿਸਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਇਸ ਉੱਤੇ ਕੋਈ ਐਕਸ਼ਨ ਨਾ ਲਿਆ ਤਾਂ 8 ਅਪ੍ਰੈਲ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕਰਨਗੇ।
ਪੰਜਾਬ ਸਰਕਾਰ ਨੂੰ ਚਿਤਾਵਨੀ:ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੰਜਾਬ ਭਰ ਵਿੱਚ ਵਿਧਾਇਕਾਂ ਦੇ ਘਰਾਂ ਬਾਹਰ ਵਿਰੋਧ ਪ੍ਰਦਰਸ਼ਨ ਕਰਕੇ ਚਿਤਾਵਨੀ ਪੱਤਰ ਦਿੱਤੇ ਗਏ। ਮਾਨਸਾ ਵਿਖੇ ਵੀ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਮਾਨਸਾ ਦੇ ਵਿਧਾਇਕ ਵਿਜੇ ਸਿੰਗਲਾ ਦੇ ਘਰ ਬਾਹਰ ਵਿਰੋਧ ਪ੍ਰਦਰਸ਼ਨ ਕਰਕੇ ਕਿਸਾਨਾਂ ਨੇ ਕਿਹਾ ਕਿ ਜਿੰਨਾ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਨੇ ਦਿੱਲੀ ਵਿੱਚ ਲੰਬਾ ਸੰਘਰਸ਼ ਲੜਿਆ ਅਤੇ 700 ਕਿਸਾਨ ਸ਼ਹੀਦ ਹੋਏ। ਅੱਜ ਉਨ੍ਹਾਂ ਹੀ ਕਾਲੇ ਕਾਨੂੰਨਾਂ ਨੂੰ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਲਾਗੂ ਕਰ ਦਿੱਤਾ ਹੈ।
ਕਿਸਾਨ ਆਗੂ ਇੰਦਰਜੀਤ ਸਿੰਘ ਝੱਬਰ, ਕੁਲਦੀਪ ਸਿੰਘ ਕੋਰਵਾਲਾ ਅਤੇ ਰਮਨਦੀਪ ਸਿੰਘ ਕੁਸਲਾ ਨੇ ਕਿਹਾ ਕਿ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਸ਼ੈਲੋ ਕੰਪਨੀ ਦੇ ਖਰੀਦ ਕੇਂਦਰ ਦੀ ਸਥਾਪਿਤ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਸਿਰਫ ਪ੍ਰਾਈਵੇਟ ਅੰਬਾਨੀ ਅਡਾਨੀਆਂ ਦੀਆਂ ਕੰਪਨੀਆਂ ਹੀ ਕਿਸਾਨਾਂ ਦੀ ਜਿਨਸ ਖਰੀਦਣਗੀਆਂ ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਨਾਮ ਵਿਧਾਇਕਾਂ ਰਾਹੀਂ ਚਿਤਾਵਨੀ ਪੱਤਰ ਭੇਜੇ ਜਾ ਰਹੇ ਹਨ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਉੱਤੇ ਤੁਰੰਤ ਕੋਈ ਐਕਸ਼ਨ ਨਾ ਲਿਆ, ਤਾਂ 8 ਅਪ੍ਰੈਲ ਨੂੰ ਕਿਸਾਨਾਂ ਵੱਲੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਖਿਲਾਫ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਆਪ ਸਰਕਾਰ ਕਿਸਾਨ ਪੱਖੀ: ਵਿਧਾਇਕ ਨੇ ਕਿਹਾ ਕਿ ਕਿਸਾਨਾਂ ਵੱਲੋਂ ਅੱਜ ਉਹਨਾਂ ਨੂੰ ਚਿਤਾਵਨੀ ਪੱਤਰ ਦਿੱਤਾ ਗਿਆ ਹੈ ਅਤੇ ਸਰਕਾਰ ਤੱਕ ਇਹ ਚਿਤਾਵਨੀ ਪੱਤਰ ਪਹੁੰਚਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਵਿੱਚ ਜੋ ਵੀ ਅੜਚਣਾ ਹਨ, ਉਨ੍ਹਾਂ ਨੂੰ ਸੁਲਝਾ ਕੇ ਸਰਕਾਰ ਮਸਲਾ ਹੱਲ ਕਰੇਗੀ, ਕਿਉਂਕਿ ਸਰਕਾਰ ਕਿਸਾਨ ਪੱਖੀ ਰਹੀ ਹੈ ਅਤੇ ਹੁਣ ਵੀ ਕਿਸਾਨਾਂ ਦੇ ਹੱਕ ਵਿੱਚ ਹੀ ਫੈਸਲਾ ਕਰੇਗੀ।