ਤਰਨ ਤਾਰਨ: ਮੀਂਹ ਦਾ ਮੌਸਮ ਜਿੱਥੇ ਗਰਮੀ ਤੋਂ ਰਾਹਤ ਦਿਵਾਉਦਾ ਹੈ, ਉੱਥੇ ਹੀ ਕਈ ਲੋਕਾਂ ਦੇ ਨੁਕਸਾਨ ਦੀ ਵਜ੍ਹਾਂ ਵੀ ਬਣਦਾ ਹੈ। ਹੁਣ ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਭਗਵਾਨਪੁਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬਰਸਾਤੀ ਪਾਣੀ ਕਾਰਨ ਗਰੀਬ ਕਿਸਾਨ ਦੀ ਇੱਕ ਕਿੱਲਾ ਜ਼ਮੀਨ ਰੁੜ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਗਰੀਬ ਕਿਸਾਨ ਅਜੀਤ ਸਿੰਘ ਨੇ ਕਿਹਾ ਕਿ ਉਸ ਕੋਲ੍ਹ ਇੱਕ ਕਿੱਲਾ ਜ਼ਮੀਨ ਹੀ ਸੀ। ਜਦੋਂ ਵੀ ਮੀਂਹ ਦਾ ਪਾਣੀ ਜਿਆਦਾ ਆ ਜਾਂਦਾ ਹੈ, ਤਾਂ ਉਸਦਾ ਨੁਕਸਾਨ ਹੋ ਜਾਂਦਾ ਹੈ। ਕਿਸਾਨ ਨੇ ਦੱਸਿਆ ਕਿ 15 ਸਾਲਾਂ ਤੋਂ ਉਸ ਨਾਲ ਇਹੋ ਕੁਝ ਹੀ ਹੋ ਰਿਹਾ ਹੈ। ਉਸ ਨੇ ਕਈ ਵਾਰ ਜ਼ਿਲ੍ਹਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਬਰਸਾਤੀ ਪਾਣੀ ਦੇ ਨਿਕਾਸ ਲਈ ਉਸਨੂੰ ਪੋਰੇ ਪਾ ਕੇ ਦਿੱਤੇ ਜਾਣ ਪਰ ਕਿਸੇ ਨੇ ਵੀ ਉਸਦੀ ਸੁਣਵਾਈ ਨਹੀਂ ਕੀਤੀ।
ਸੁਣਵਾਈ ਨਾ ਹੋਣ ਤੋਂ ਬਾਅਦ ਉਸਨੇ ਕਰਜਾ ਚੁੱਕ ਕੇ ਖੁਦ ਹੀ ਇਹ ਪੋਰੇ ਪਾ ਦਿੱਤੇ। ਪਰ ਇੱਕ ਵਾਰ ਫਿਰ ਬਰਸਾਤੀ ਪਾਣੀ ਆਉਣ ਕਰਕੇ ਉਸਦੀ ਜਮੀਨ ਵਿੱਚ ਕਈ ਫੁੱਟ ਡੂੰਘੇ ਟੋਏ ਪੈ ਗਏ, ਜਿਸ ਕਰਕੇ ਉਸਦੀ ਇੱਕ ਕਿੱਲਾ ਜ਼ਮੀਨ ਰੁੜ ਗਈ। ਪੀੜਤ ਕਿਸਾਨ ਨੇ ਦੱਸਿਆ ਕਿ ਤਕਰੀਬਨ ਤਿੰਨ ਤੋਂ ਚਾਰ ਪਿੰਡਾਂ ਦਾ ਪਾਣੀ ਇੱਥੇ ਆ ਕੇ ਰੁੱਕ ਜਾਂਦਾ ਹੈ। ਪਰ ਅੱਗੇ ਨਿਕਾਸੀ ਨਾ ਹੋਣ ਕਾਰਨ ਇਸ ਪਾਣੀ ਦੀ ਮਾਰ ਹੇਠ ਆ ਕੇ ਉਸਦੀ ਜਮੀਨ ਹਰ ਵਾਰ ਰੁੜ ਜਾਂਦੀ ਹੈ।
ਉਸਨੇ ਅੱਗੇ ਦੱਸਿਆ ਕਿ ਇਸ ਸਬੰਧੀ ਉਸ ਨੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਕੋਲ੍ਹ ਵੀ ਜਾ ਕੇ ਅਪੀਲ ਕੀਤੀ ਸੀ ਕਿ ਉਸ ਦੀ ਇਸ ਜ਼ਮੀਨ ਵਿੱਚ ਨਿਕਾਸੀ ਪਾਣੀ ਦਾ ਮਸਲਾ ਹੱਲ ਕਰਵਾਇਆ ਜਾਵੇ ਪਰ ਅੱਗਿਓ ਉਨ੍ਹਾਂ ਵੀ ਉਸਦੀ ਕੋਈ ਸੁਣਵਾਈ ਨਹੀਂ ਕੀਤੀ।
ਗਰੀਬ ਕਿਸਾਨ ਨੇ ਕੀਤੀ ਮੰਗ:ਗਰੀਬ ਕਿਸਾਨ ਅਜੀਤ ਸਿੰਘ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਸਦੀ ਜ਼ਮੀਨ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਕੀਤਾ ਜਾਵੇ, ਤਾਂ ਜੋ ਉਹ ਦੋ ਵਕਤ ਦੀ ਰੋਟੀ ਸੌਖੀ ਖਾ ਸਕਣ। ਇਸਦੇ ਨਾਲ ਹੀ, ਉਸ ਨੇ ਦੱਸਿਆ ਕਿ ਉਸ ਕੋਲ੍ਹ ਇਹੀ ਇੱਕ ਕਿੱਲਾ ਜ਼ਮੀਨ ਸੀ, ਜਿਸ ਨਾਲ ਉਹ ਆਪਣਾ ਘਰ ਦਾ ਗੁਜ਼ਾਰਾ ਚਲਾਉਦਾ ਸੀ। ਪਰ ਇਹ ਜ਼ਮੀਨ ਹਰ ਵਾਰ ਰੁੜ ਜਾਂਦੀ ਹੈ, ਜਿਸ ਕਾਰਨ ਉਸ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।