ਜਾਅਲੀ ਮੈਰਿਜ ਸਰਟੀਫਿਕੇਟ ਵਿਵਾਦ ਚ ਨਵਾਂ ਮੋੜ (ETV BHARAT) ਫਰੀਦਕੋਟ:ਕੁਝ ਦਿਨ ਪਹਿਲਾਂ ਇੱਕ ਪਰਿਵਾਰ ਵੱਲੋਂ ਉਨ੍ਹਾਂ ਦੀ ਲੜਕੀ ਦਾ ਚੋਰੀ ਛਿਪੇ ਵਿਆਹ ਕਰਵਾ ਕੇ ਉਸ ਦਾ ਜਾਅਲੀ ਮੈਰਿਜ ਸਰਟੀਫਿਕੇਟ ਬਣਾਉਣ ਦਾ ਦੋਸ਼ ਪੱਖੀ ਕਲਾਂ ਰੋਡ ਸਥਿਤ ਰੇਲਵੇ ਫਾਟਕ ਕੋਲ ਬਣੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਮੁੱਖ ਤੇ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ 'ਤੇ ਲਗਾਏ ਗਏ ਸਨ। ਇਸ ਦੌਰਾਨ ਦੋਵੇਂ ਧਿਰਾਂ 'ਚ ਪੁਲਿਸ ਦੀ ਹਾਜ਼ਰੀ 'ਚ ਹੀ ਬਹਿਸਬਾਜ਼ੀ ਤੋਂ ਬਾਅਦ ਗੱਲ ਹੱਥੋਪਾਈ ਤੱਕ ਪੁੱਜ ਗਈ ਸੀ।
ਜਾਅਲੀ ਮੈਰਿਜ ਸਰਟੀਫਿਕੇਟ ਵਿਵਾਦ: ਇਸ ਦੌਰਾਨ ਪੁਲਿਸ ਨੇ ਮੌਕਾ ਰਹਿੰਦੇ ਦੋਵੇਂ ਧਿਰਾਂ ਨੂੰ ਹੱਥੋਪਾਈ ਤੋਂ ਛਡਵਾ ਕੇ ਸਥਿਤੀ 'ਤੇ ਕਾਬੂ ਪਾ ਲਿਆ। ਇਸ ਹੱਥੋਪਾਈ ਦੀ ਵੀਡੀਓ ਵੀ ਸਾਹਮਣੇ ਆਈ ਸੀ। ਉਥੇ ਹੀ ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਹਦੂਰ ਅੰਦਰ ਪੁਲਿਸ ਨੂੰ ਦਰਜਨ ਦੇ ਕਰੀਬ ਵਾਹਨ ਖੜੇ ਮਿਲੇ ਸੀ, ਜਿੰਨ੍ਹਾਂ ਨੂੰ ਪੁਲਿਸ ਵਲੋਂ ਜਾਂਚ ਲਈ ਆਪਣੇ ਕਨਜ਼ੇ 'ਚ ਲੈ ਲਿਆ ਸੀ। ਇਸ ਸਬੰਧੀ ਬੀਤੇ ਦਿਨੀਂ ਬਾਬਾ ਮਨਪ੍ਰੀਤ ਸਿੰਘ ਵਲੋਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਜਾਅਲੀ ਮੈਰਿਜ ਸਰਟੀਫਿਕੇਟ ਬਣਾਉਣ ਦੇ ਦੋਸ਼ਾਂ ਨੂੰ ਨਕਾਰਿਆ ਸੀ।
ਦਰਜਨ ਦੇ ਕਰੀਬ ਵਾਹਨ ਬਰਾਮਦ: ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਅੰਦਰੋਂ ਬਰਾਮਦ ਹੋਏ ਵਾਹਨਾਂ ਦੇ ਦਸਤਾਵੇਜ਼ ਪੇਸ਼ ਕਰਨ ਦਾ ਦਾਅਵਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਇਹ ਵਾਹਨ ਜ਼ਰੂਰਤਮੰਦ ਲੋਕਾਂ ਵਲੋਂ ਗਹਿਣੇ ਰੱਖੇ ਗਏ ਸਾਧਨ ਹਨ। ਉਥੇ ਹੀ ਪੁਲਿਸ ਦੀ ਜਾਂਚ 'ਚ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ 11 ਦੇ ਕਰੀਬ ਵਾਹਨ ਬਰਾਮਦ ਕੀਤੇ ਗਏ ਸਨ, ਜਿੰਨ੍ਹਾਂ ਵਿਚੋਂ ਚਾਰ ਮੋਟਰਸਾਈਕਲਾਂ 'ਤੇ ਜਾਅਲੀ ਨੰਬਰ ਲੱਗੇ ਹੋਏ ਹਨ।
ਚਾਰ ਵਾਹਨਾਂ ਦੇ ਨੰਬਰ ਮਿਲੇ ਜਾਅਲੀ:ਇਸ ਨੂੰ ਲੈਕੇ ਉਨ੍ਹਾਂ ਕਿਹਾ ਕਿ ਇਹ ਵਾਹਨ ਚੋਰੀ ਦੇ ਹੋ ਸਕਦੇ ਹਨ, ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਜਾਣਕਾਰੀ ਲਈ ਆਰਟੀਏ ਦਫ਼ਤਰਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ ਤੇ ਬਾਕੀ ਰਹਿੰਦੇ ਵਾਹਨਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਸਹੀ ਹਨ ਜਾਂ ਫਿਰ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨੂੰ ਲੈਕੇ ਬਾਬਾ ਮਨਪ੍ਰੀਤ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।