ਬੱਚੇ ਦੀ ਅਧਿਆਪਕ ਵੱਲੋਂ ਬੁਰੀ ਤਰਾਂ ਕੁੱਟਮਾਰ (Etv Bharat Faridkot) ਫਰੀਦਕੋਟ: ਫਰੀਦਕੋਟ ਦੇ ਪਿੰਡ ਨਿਆਮੀ ਵਾਲਾ ਦੇ ਸਰਕਾਰੀ ਸਕੂਲ 'ਚ ਚੌਥੀ ਜਮਾਤ 'ਚ ਪੜਨ ਵਾਲੇ ਇੱਕ ਬੱਚੇ ਦਾ ਅਧਿਆਪਕ ਵੱਲੋਂ ਬਿਜਲੀ ਫਿਟਿੰਗ ਵਾਲੀ ਪਾਈਪ ਨਾਲ ਬੁਰੀ ਤਰਾਂ ਕੁੱਟਮਾਰ ਕਰਨ ਦਾ ਦਰਿੰਦਗੀ ਭਰਿਆ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦਾ ਕਸੂਰ ਇਨ੍ਹਾਂ ਸੀ ਕਿ ਬੱਚੇ ਨੇ ਸਕੂਲ 'ਚ ਕੰਮ ਕਰਨ ਤੋਂ ਨਾਂਹ ਕੀਤੀ ਗਈ ਸੀ।
ਘਾਹ ਸਾਫ ਕਰਵਾਉਣ ਅਤੇ ਲੱਕੜਾ ਚੁਕਾਉਣ ਦਾ ਕੰਮ :ਜਾਣਕਾਰੀ ਮੁਤਾਬਿਕ ਚੌਥੀ ਜਮਾਤ 'ਚ ਪੜਨ ਵਾਲੇ ਇੱਕ ਬੱਚੇ ਨੂੰ ਅਧਿਆਪਕ ਵੱਲੋਂ ਕੁੱਟਿਆ ਗਿਆ। ਜਿਸ ਦੇ ਪਿੱਛੇ ਕਾਫੀ ਲਾਸਾ ਪੈ ਗਈਆਂ, ਜਿਸ ਤੋਂ ਬਾਅਦ ਉਸਨੂੰ ਜੈਤੋ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਲਹਾਲ ਉਸਦਾ ਇਲਾਜ ਚੱਲ ਰਿਹਾ ਹੈ। ਬੱਚੇ ਦੇ ਮਾਤਾ ਅਤੇ ਰਿਸ਼ਤੇਦਾਰ ਨੇ ਅਧਿਆਪਕ 'ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਬੱਚਿਆਂ ਤੋਂ ਸਕੂਲ 'ਚ ਘਾਹ ਸਾਫ ਕਰਵਾਉਣ ਅਤੇ ਲੱਕੜਾ ਚੁਕਾਉਣ ਦਾ ਕੰਮ ਕਰਵਾਇਆ ਜਾ ਰਿਹਾ ਸੀ।
ਬੱਚੇ ਦੇ ਪਿੱਛੇ ਪਾਸੇ ਸਰੀਰ 'ਤੇ ਜਖ਼ਮ: ਬੱਚੇ ਦੀ ਮਾਂ ਨੇ ਦੱਸਿਆ ਕਿ ਜਦੋਂ ਬੱਚੇ ਨੇ ਇੱਕ ਦਿਨ ਤਾਂ ਕੰਮ ਕਰ ਦਿੱਤਾ, ਪਰ ਦੂਜੇ ਦਿਨ ਉਸ ਨੇ ਸਕੂਲ ਜਾਣ ਤੋਂ ਨਾਂਹ ਕਰ ਦਿੱਤੀ। ਅਸੀਂ ਉਸ ਨੂੰ ਸਕੂਲ ਭੇਜਿਆ ਤਾਂ ਅਧਿਆਪਕ ਵੱਲੋਂ ਸਕੂਲ ਵਿੱਚ ਮੁੜ ਉਸ ਨੂੰ ਸਫਾਈ ਕਰਨ ਲਈ ਕਿਹਾ ਇਸ ਉੱਤੇ ਬੱਚੇ ਵਲੋਂ ਨਾਂਹ ਕਰਨ ਉੱਤੇ ਮਾਸਟਰ ਵੱਲੋਂ ਬਿਜਲੀ ਫਿਟਿੰਗ ਲਈ ਵਰਤੀ ਜਾਣ ਵਾਲੀ ਪਲਾਸਟਿਕ ਦੀ ਪਾਈਪ ਨਾਲ ਉਸ ਦੀ ਕੁੱਟਮਾਰ ਕੀਤੀ। ਜਿਸ ਨਾਲ ਬੱਚੇ ਦੇ ਪਿੱਛੇ ਪਾਸੇ ਸਰੀਰ 'ਤੇ ਕਾਫੀ ਜਖ਼ਮ ਬਣ ਗਏ। ਇਸ ਤੋਂ ਬਾਅਦ ਫਿਰ ਉਸ ਨੂੰ ਹਸਪਤਾਲ ਲਿਆਂਦਾ ਗਿਆ। ਗੌਰਤਲਬ ਹੈ ਕੇ ਬੱਚੇ ਦੇ ਪਿਤਾ ਦੇ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਤਾ ਹੀ ਘਰਾਂ ਵਿੱਚ ਕੰਮ ਕਰਕੇ ਉਸ ਦਾ ਪਾਲਣ ਪੋਸ਼ਣ ਕਰ ਰਹੀ ਹੈ।
ਪਲਾਸਟਿਕ ਦੀ ਪਾਈਪ ਨਾਲ ਕੁੱਟਮਾਰ: ਉੱਧਰ ਜਦੋਂ ਸਕੂਲ ਅਧਿਆਪਕ ਜਸਵਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਸ ਵੱਲੋਂ ਬਹੁਤ ਹੀ ਬੇਸ਼ਰਮੀ ਨਾਲ ਕਿਹਾ ਕਿ ਪਲਾਸਟਿਕ ਦੀ ਪਾਈਪ ਨਾਲ ਕਿੰਨੀ ਕੁ ਸੱਟ ਲੱਗ ਸਕਦੀ ਹੈ ਅਤੇ ਨਾਲ ਹੀ ਉਸ ਨੇ ਬੱਚੇ 'ਤੇ ਲੜਕੀਆਂ ਨਾਲ ਗ਼ਲਤ ਹਰਕਤਾਂ ਕਰਨ ਦੇ ਇਲਜ਼ਾਮ ਲਗਾ ਦਿੱਤੇ ਗਏ।