ਪੰਜਾਬ

punjab

ETV Bharat / state

ਪੰਜਾਬ ਦੀ ਸੰਘਰਸ਼ੀ ਧਰਤੀ 'ਤੇ ਪਿਛਲੇ 100 ਸਾਲਾਂ ਦੌਰਾਨ ਹੋਈਆਂ ਮਸ਼ਹੂਰ ਭੁੱਖ ਹੜਤਾਲਾਂ, ਪੜ੍ਹੋ ਖਾਸ ਰਿਪੋਰਟ - FAMOUS HUNGER STRIKES IN PUNJAB

ਭੁੱਖ ਹੜਤਾਲ ਜਾਂ ਮਰਨ ਵਰਤ ਵਰਗੀਆਂ ਅਨੇਕਾਂ ਘਟਨਾਵਾਂ ਹੋਈਆਂ, ਪਰ ਮਰਨ ਵਰਤ 'ਤੇ ਬੈਠਿਆਂ ਨੂੰ ਘੱਟ ਹੀ ਸਫ਼ਲਤਾ ਮਿਲੀ ਹੈ।

FAMOUS HUNGER STRIKES IN PUNJAB
ਪਿਛਲੇ 100 ਸਾਲਾਂ ਦੌਰਾਨ ਹੋਈਆਂ ਮਸ਼ਹੂਰ ਭੁੱਖ ਹੜਤਾਲਾਂ (ETV Bharat ਗ੍ਰਾਫਿਕਸ ਟੀਮ)

By ETV Bharat Punjabi Team

Published : 23 hours ago

ਚੰਡੀਗੜ੍ਹ: ਪੰਜਾਬ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 29 ਦਿਨਾਂ ਤੋਂ ਪੰਜਾਬ-ਹਰਿਆਣਾ ਦੀ ਖਨੌਰੀ ਹੱਦ 'ਤੇ ਮਰਨ ਵਰਤ ਉੱਤੇ ਬੈਠੇ ਹਨ। ਡਾਕਟਰਾਂ ਦੀ ਮੰਨੀਏ ਤਾਂ ਪਿਛਲੇ 4 ਹਫ਼ਤਿਆਂ ਤੋਂ ਅੰਨ ਦਾ ਇੱਕ ਦਾਣਾ ਵੀ ਉਨ੍ਹਾਂ ਦੇ ਸਰੀਰ ਵਿੱਚ ਨਹੀਂ ਗਿਆ, ਜਿਸ ਕਾਰਨ ਉਨ੍ਹਾਂ ਦਾ ਸਰੀਰ ਲਗਾਤਾਰ ਘੱਟ ਰਿਹਾ ਹੈ ਅਤੇ ਉਨ੍ਹਾਂ ਦੇ ਅੰਗ ਕਿਸੇ ਵੇਲੇ ਵੀ ਜਵਾਬ ਦੇ ਸਕਦੇ ਹਨ। ਭੁੱਖ ਹੜਤਾਲ ਕਾਰਨ ਉਨ੍ਹਾਂ ਦੇ ਖੂਨ ਦਾ ਦਬਾਓ ਵੀ ਘੱਟ ਰਿਹਾ ਹੈ, ਜਿਸ ਨਾਲ ਦਿਲ ਦੇ ਦੌਰੇ ਦਾ ਵੀ ਖਤਰਾ ਬਣਿਆ ਹੋਇਆ ਹੈ। ਮਾਣਯੋਗ ਸੁਪਰੀਮ ਕੋਰਟ ਨੇ ਵੀ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਹੈ। 18 ਦਸੰਬਰ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ਸੀ ਕਿ ਡੱਲੇਵਾਲ ਦੀ ਸਿਹਤ ਠੀਕ ਹੈ ਜਿਸ ਦੇ ਜਵਾਬ ਵਿੱਚ ਸੁਪਰੀਮ ਕੋਰਟ ਨੇ ਸਵਾਲ ਕੀਤਾ ਸੀ ਕਿ 70 ਸਾਲ ਦਾ ਬਜ਼ੁਰਗ 24 ਦਿਨਾਂ ਤੋਂ ਭੁੱਖ ਹੜਤਾਲ 'ਤੇ ਹੈ ਅਤੇ ਅਜਿਹਾ ਕਿਹੜਾ ਡਾਕਟਰ ਹੈ, ਜਿਹੜਾ ਬਿਨਾਂ ਕਿਸੇ ਟੈਸਟ ਦੇ ਡੱਲੇਵਾਲ ਨੂੰ ਸਹੀ ਦੱਸ ਰਿਹਾ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਿਉਂ ਨਹੀਂ ਕਰਾਉਂਦੀ, ਇਹ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ।


ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸੇ ਨੇ ਭੁੱਖ ਹੜਤਾਲ ਕੀਤੀ ਹੋਵੇ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੇ ਵੀ ਆਪਣੇ ਹੱਕਾਂ ਲਈ ਜੇਲ੍ਹ ਅੰਦਰ ਭੁੱਖ ਹੜਤਾਲ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਭੁੱਖ ਹੜਤਾਲ ਜਾਂ ਮਰਨ ਵਰਤ ਵਰਗੀਆਂ ਅਨੇਕਾਂ ਘਟਨਾਵਾਂ ਹੋਈਆਂ, ਪਰ ਮਰਨ ਵਰਤ 'ਤੇ ਬੈਠਿਆਂ ਨੂੰ ਘੱਟ ਹੀ ਸਫ਼ਲਤਾ ਮਿਲੀ ਹੈ। ਅਸੀਂ, ਤੁਹਾਡੇ ਨਾਲ ਅਤੀਤ ਵਿੱਚ ਮਰਨ ਵਰਤ ਦੀਆਂ ਕੁਝ ਅਜਿਹੀਆਂ ਘਟਨਾਵਾਂ ਸਾਂਝੀਆਂ ਕਰ ਰਹੇ ਹਾਂ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਪੰਜਾਬ ਦੇ ਲੋਕਾਂ ਨੂੰ ਹੱਕਾਂ ਪ੍ਰਤੀ ਝੰਜੋੜਿਆ ਅਤੇ ਸੋਚਣ ਲਈ ਮਜ਼ਬੂਰ ਕੀਤਾ, ਇਹ ਭੁੱਖ ਹੜਤਾਲਾਂ ਜਾਂ ਮਰਨ ਵਰਤ ਪੰਜਾਬ ਦੀ ਸਿਆਸਤ ਨੂੰ ਵੀ ਵੱਖਰੀ ਦਿਸ਼ਾ ਦੇਣ ਵਿੱਚ ਕਾਮਯਾਬ ਰਹੇ ਹਨ।



1, ਸ਼ਹੀਦ-ਏ-ਆਜ਼ਮ ਭਗਤ ਸਿੰਘ

ਭਗਤ ਸਿੰਘ ਦਾ ਮਰਨ ਵਰਤ (ETV Bharat)


ਸਰਦਾਰ ਭਗਤ ਸਿੰਘ ਵੱਲੋਂ ਸੰਨ 1929 ਵਿੱਚ ਲਹੌਰ ਦੀ ਮੀਆਂਵਲੀ ਜੇਲ੍ਹ ਅੰਦਰ ਕੀਤੀ ਭੁੱਖ ਹੜਤਾਲ, ਪੰਜਾਬ ਦੀ ਹੀ ਨਹੀਂ ਸਗੋਂ ਭਾਰਤ ਦੇ ਇਤਿਹਾਸ ਦੀ ਸਭ ਤੋਂ ਮਸ਼ਹੂਰ ਤੇ ਪੁਰਾਣੀ ਭੁੱਖ ਹੜਤਾਲ ਹੈ ਜਿਸ ਵਿੱਚ ਕ੍ਰਾਂਤੀਕਾਰੀ ਅਜ਼ਾਦੀ ਘੁਲਾਟੀਏ ਭਗਤ ਸਿੰਘ ਨੇ ਅੰਗਰੇਜ਼ ਹਕੂਮਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਸਿਆਸੀ ਕੈਦੀਆਂ ਪ੍ਰਤੀ ਕੀਤੇ ਜਾ ਰਹੇ ਮਾੜੇ ਵਿਵਹਾਰ ਦਾ ਵਿਰੋਧ ਜਤਾਉਣ ਨੂੰ ਲੈ ਕੇ ਭਗਤ ਸਿੰਘ ਨੇ 116 ਦਿਨ ਲੰਬੀ ਭੁੱਖ ਹੜਤਾਲ ਕੀਤੀ ਸੀ। ਜੇਲ੍ਹ ਅੰਦਰ ਚੰਗਾ ਭੋਜਨ, ਪਹਿਨਣ ਲਈ ਸਾਫ਼ ਕੱਪੜੇ, ਪੜ੍ਹਨ ਲਈ ਕਿਤਾਬਾਂ ਅਤੇ ਸਾਫ਼ ਸੁਥਰੇ ਪਖਾਨੇ ਦੀ ਮੰਗ ਨੂੰ ਲੈ ਕੇ ਭਗਤ ਸਿੰਘ ਨੇ 11 ਜੂਨ, 1929 ਨੂੰ ਆਪਣੇ ਸਾਥੀ ਕੈਦੀਆਂ ਦੇ ਨਾਲ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਭਗਤ ਸਿੰਘ ਦੇ ਸਾਥੀ ਕੈਦੀਆਂ ਵਿੱਚੋਂ ਇੱਕ ਜਤਿੰਦਰ ਨਾਥ ਦਾਸ ਦੀ ਭੁੱਖ ਹੜਤਾਲ ਦੇ 63ਵੇਂ ਦਿਨ 13 ਸਤੰਬਰ, 1929 ਨੂੰ ਮੌਤ ਹੋ ਗਈ ਸੀ। ਆਖਿਰਕਾਰ, 5 ਅਕਤੂਬਰ 1929 ਨੂੰ ਭਗਤ ਸਿੰਘ ਨੇ ਆਪਣੇ ਪਿਤਾ ਸਰਦਾਰ ਕਿਸ਼ਨ ਸਿੰਘ ਸੰਧੂ ਦੇ ਕਹਿਣ 'ਤੇ ਭੁੱਖ ਹੜਤਾਲ ਖਤਮ ਕਰ ਦਿੱਤੀ ਸੀ। ਹਾਲਾਂਕਿ, ਭੁੱਖ ਹੜਤਾਲ ਦੇ ਬਾਵਜੂਦ ਜੇਲ੍ਹ ਦੇ ਅੰਦਰਲੇ ਹਾਲਾਤ ਬਹੁਤੇ ਨਹੀਂ ਬਦਲੇ ਪਰ ਇਸ ਭੁੱਖ ਹੜਤਾਲ ਨੇ ਪੰਜਾਬ ਅਤੇ ਇਸ ਤੋਂ ਬਾਹਰ ਅਜ਼ਾਦੀ ਦੀ ਲੜਾਈ ਲੜ ਰਹੇ ਦੇਸ਼ ਭਗਤਾਂ ਵਿੱਚ ਭਗਤ ਸਿੰਘ ਪ੍ਰਤੀ ਸੋਚ ਨੂੰ ਜ਼ਰੂਰ ਬਦਲਿਆ।

ਪਿਛਲੇ 100 ਸਾਲਾਂ ਦੌਰਾਨ ਹੋਈਆਂ ਮਸ਼ਹੂਰ ਭੁੱਖ ਹੜਤਾਲਾਂ (ETV Bharat)



2, ਮਾਸਟਰ ਤਾਰਾ ਸਿੰਘ


ਪੰਜਾਬੀ ਬੋਲਦੇ ਇਲਾਕਿਆਂ ਦਾ ਇੱਕ ਵੱਖਰਾ ਪੰਜਾਬੀ ਸੂਬਾ ਬਣਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਨੇ 1961 ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਮਾਸਟਰ ਤਾਰਾ ਸਿੰਘ ਨੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣਾ ਮਰਨ ਵਰਤ ਸ਼ੁਰੂ ਕੀਤਾ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਮਰਨ ਵਰਤ ਜਾਰੀ ਰੱਖਣਗੇ। ਹਲਾਂਕਿ ਉਸ ਵੇਲੇ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਧਾਰਮਿਕ ਵਖਰੇਵਿਆਂ ਦੇ ਅਧਾਰਤ ਕੋਈ ਵੱਖਰਾ ਸੂਬਾ ਬਣਾਉਣਾ ਜਾਇਜ਼ ਨਹੀਂ ਹੋਵੇਗਾ, ਪਰ ਇੱਕ ਨਿੱਜੀ ਪੱਤਰ ਰਾਹੀਂ ਪੰਡਿਤ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਯਕੀਨ ਦੁਆਇਆ ਸੀ ਕਿ ਉਹ ਇਸ ਮਸਲੇ 'ਤੇ ਹੋਰ ਡੂੰਘਾਈ ਨਾਲ ਸੋਚ-ਵਿਚਾਰ ਕਰਨਗੇ। ਪੰਡਿਤ ਨਹਿਰੂ ਵੱਲੋਂ ਮਿਲੇ ਭਰੋਸੇ ਮਗਰੋਂ ਅਕਾਲੀ ਆਗੂ ਸੰਤ ਫਤਿਹ ਸਿੰਘ ਨੇ ਆਪਣੇ ਸਾਥੀ ਮਾਸਟਰ ਤਾਰਾ ਸਿੰਘ ਨੂੰ ਜੂਸ ਪਿਲਾ ਕੇ 48 ਦਿਨਾਂ ਦੀ ਭੁੱਖ ਹੜਤਾਲ ਖਤਮ ਕਰਵਾਈ ਸੀ। ਹਲਾਂਕਿ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਅਤੇ ਆਮ ਲੋਕ ਇਸ ਫ਼ੈਸਲੇ ਤੋਂ ਨਾਖੁਸ਼ ਸਨ ਅਤੇ ਉਹ ਮਾਸਟਰ ਤਾਰਾ ਸਿੰਘ ਦੇ ਖਿਲਾਫ਼ ਹੋ ਗਏ ਸਨ। ਆਖਿਰਕਾਰ ਸੰਨ 1966 ਵਿਚ ਪੰਜਾਬ ਅਤੇ ਹਰਿਆਣਾ ਰਾਜ ਬਣਾਉਣ ਲਈ ਭਾਸ਼ਾ ਦੇ ਆਧਾਰ 'ਤੇ ਪੰਜਾਬ ਨੂੰ ਵੰਡਿਆ ਗਿਆ। ਮਾਸਟਰ ਤਾਰਾ ਸਿੰਘ, ਪੰਜਾਬ ਦੀ ਇਸ ਵੰਡ ਤੋਂ ਬਾਅਦ ਜ਼ਿਆਦਾ ਦੇਰ ਤੱਕ ਜਿਊਂਦੇ ਨਾ ਰਹਿ ਸਕੇ ਅਤੇ 22 ਨਵੰਬਰ, 1967 ਪੂਰੇ ਹੋ ਗਏ।

ਪਿਛਲੇ 100 ਸਾਲਾਂ ਦੌਰਾਨ ਹੋਈਆਂ ਮਸ਼ਹੂਰ ਭੁੱਖ ਹੜਤਾਲਾਂ (ETV Bharat)


3, ਸੰਤ ਫਤਿਹ ਸਿੰਘ


ਪੰਜਾਬ ਅਤੇ ਹਰਿਆਣਾ ਵੱਖਰਾ ਸੂਬਾ ਬਣਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੰਤ ਫਤਿਹ ਸਿੰਘ ਨੇ ਇਸ ਵੰਡ ਤੋਂ ਨਾਰਾਜ਼ਗੀ ਜਤਾਉਂਦਿਆਂ 17 ਦਸੰਬਰ, 1966 ਨੂੰ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਮੰਗ ਸੀ ਕਿ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਨਵੇਂ ਬਣੇ ਪੰਜਾਬ ਵਿੱਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਨੇ ਧਮਕੀ ਤੱਕ ਦਿੱਤੀ ਸੀ ਕਿ ਜੇਕਰ 10 ਦਿਨਾਂ ਅੰਦਰ ਉਨ੍ਹਾਂ ਦੀ ਇਹ ਮੰਗ ਨਾ ਮੰਨੀ ਗਈ ਤਾਂ ਉਹ ਆਤਮਦਾਹ ਕਰ ਲੈਣਗੇ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 27 ਦਸੰਬਰ ਨੂੰ ਸੰਤ ਫਤਿਹ ਸਿੰਘ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਵਿਚਾਰ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੇ ਭਰੋਸੇ ਤੋਂ ਬਾਅਦ 55 ਸਾਲਾ ਅਕਾਲੀ ਆਗੂ ਸੰਤ ਫਤਿਹ ਸਿੰਘ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਪਰ ਬਾਅਦ ਵਿਚ ਇਸ ਦਾ ਕੁਝ ਨਹੀਂ ਬਣਿਆ। ਬਹੁਤ ਸਾਰੇ ਪੰਜਾਬੀਆਂ ਦੀ ਅਸਹਿਮਤੀ ਦੇ ਬਾਵਜੂਦ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੀ ਸਾਂਝੀ ਰਾਜਧਾਨੀ ਰਿਹਾ, ਜੋ ਹੁਣ ਤੱਕ ਚਲ ਰਿਹਾ ਹੈ।

ਪਿਛਲੇ 100 ਸਾਲਾਂ ਦੌਰਾਨ ਹੋਈਆਂ ਮਸ਼ਹੂਰ ਭੁੱਖ ਹੜਤਾਲਾਂ (ETV Bharat)




4, ਦਰਸ਼ਨ ਸਿੰਘ ਫੇਰੂਮਾਨ


ਸਾਬਕਾ ਮੈਂਬਰ ਪਾਰਲੀਮੈਂਟ, ਸਿੱਖ ਕਾਰਕੁੰਨ ਅਤੇ ਅਜ਼ਾਦੀ ਘੁਲਾਟੀਏ ਦਰਸ਼ਨ ਸਿੰਘ ਫੇਰੂਮਾਨ ਨੇ ਅਕਾਲੀ ਆਗੂ ਸੰਤ ਫਤਿਹ ਸਿੰਘ 'ਤੇ ਇਲਜ਼ਾਮ ਲਾਏ ਕਿ ਉਨ੍ਹਾਂ ਨੇ ਮਰਨ ਵਰਤ ਰੱਖਣ ਦੀ ਆਪਣੀ ਅਰਦਾਸ ਨੂੰ ਤੋੜ ਕੇ ਸਿੱਖ ਧਰਮ ਦੀ ਮਰਿਆਦਾ ਦਾ ਘਾਣ ਕੀਤਾ ਹੈ। ਫੇਰੂਮਾਨ ਨੇ ਉਸ ਵੇਲੇ ਕਿਹਾ ਸੀ ਕਿ ਪੰਜਾਬ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਫਤਿਹ ਸਿੰਘ ਨੂੰ ਆਪਣੀ ਭੁੱਖ ਹੜਤਾਲ ਖਤਮ ਨਹੀਂ ਕਰਨੀ ਚਾਹੀਦੀ ਸੀ। 84 ਸਾਲ ਦੀ ਉਮਰ ਵਿੱਚ ਫੇਰੂਮਾਨ ਨੇ ਕਿਹਾ ਸੀ ਕਿ ਉਹ ਇਹ ਯਕੀਨੀ ਬਣਾਉਣ ਲਈ ਮਰਨ ਵਰਤ ਰੱਖਣਗੇ ਕਿ ਸਾਰੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ ਤੋਂ ਪੰਜਾਬ ਵਿੱਚ ਤਬਦੀਲ ਕੀਤੇ ਜਾਣ। 12 ਅਗਸਤ, 1969 ਨੂੰ ਦਰਸ਼ਨ ਸਿੰਘ ਫੇਰੂਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 15 ਅਗਸਤ ਨੂੰ ਅੰਮ੍ਰਿਤਸਰ ਜੇਲ ਦੇ ਅੰਦਰ ਹੀ ਫੇਰੂਮਾਨ ਨੇ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੂੰ 27 ਅਗਸਤ, 1969 ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਉਨ੍ਹਾਂ ਨੇ ਆਪਣਾ ਇਲਾਜ ਕਰਾਉਣ ਅਤੇ ਖਾਣ ਪੀਣ ਤੋਂ ਇਨਕਾਰ ਕਰ ਦਿੱਤਾ ਸੀ। ਆਖਿਰਕਾਰ, ਭੁੱਖ ਹੜਤਾਲ ਦੇ 74ਵੇਂ ਦਿਨ 27 ਅਕਤੂਬਰ 1969 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਫੇਰੂਮਾਨ ਦੀ ਮੌਤ ਤੋਂ ਬਾਅਦ ਉਸਦੇ ਹਮਾਇਤੀਆਂ ਨੇ ਸ਼ਹੀਦ ਫੇਰੂਮਾਨ ਅਕਾਲੀ ਦਲ ਦੀ ਸਥਾਪਨਾ ਕੀਤੀ ਪਰ ਇਹ ਪਾਰਟੀ ਹੁਣ ਤੱਕ ਪੰਜਾਬ ਦੀ ਰਾਜਨੀਤੀ ਵਿੱਚ ਹਾਸ਼ੀਏ 'ਤੇ ਹੀ ਰਹੀ ਅਤੇ ਪੰਜਾਬ ਦੇ ਬਹੁਤੇ ਲੋਕ ਇਸ ਪਾਰਟੀ ਦਾ ਨਾਮ ਤੱਕ ਨਹੀਂ ਜਾਣਦੇ।

ਪਿਛਲੇ 100 ਸਾਲਾਂ ਦੌਰਾਨ ਹੋਈਆਂ ਮਸ਼ਹੂਰ ਭੁੱਖ ਹੜਤਾਲਾਂ (ETV Bharat)



5, ਸੂਰਤ ਸਿੰਘ ਖਾਲਸਾ


ਬਾਪੂ ਸੂਰਤ ਸਿੰਘ ਖਾਲਸਾ ਵਜੋਂ ਜਾਣੇ ਜਾਂਦੇ ਸਿੱਖ ਕਾਰਕੁੰਨ ਦਾ ਮਰਨ ਵਰਤ ਪੰਜਾਬ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਮਰਨ ਵਰਤ ਮੰਨਿਆ ਜਾਂਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਨੇ 16 ਜਨਵਰੀ, 2015 ਨੂੰ 82 ਸਾਲ ਦੀ ਉਮਰ ਵਿੱਚ ਆਪਣਾ ਸੰਘਰਸ਼ ਸ਼ੁਰੂ ਕੀਤਾ ਸੀ ਅਤੇ 14 ਜਨਵਰੀ, 2023 ਨੂੰ ਉਨ੍ਹਾਂ ਨੇ ਆਪਣਾ ਵਰਤ ਤੋੜਿਆ। ਇਸ ਸਮੇਂ ਦੌਰਾਨ, ਉਨ੍ਹਾਂ ਨੂੰ ਇੱਕ ਨੱਕ ਰਾਹੀਂ ਹੀ ਭੋਜਨ ਦਿੱਤਾ ਗਿਆ ਜਿਵੇਂ ਮਣੀਪੁਰ ਦੀ ਇਰੋਮ ਸ਼ਰਮੀਲਾ ਨੂੰ ਦਿੱਤਾ ਜਾਂਦਾ ਸੀ। ਸੂਰਤ ਸਿੰਘ ਖਾਲਸਾ ਦੇ ਮਰਨ ਵਰਤ ਦਾ ਮਕਸਦ ਪੰਜਾਬ ਅਤੇ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਉਣਾ ਸੀ ਜੋ ਆਪਣੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਸਨ। ਉਨ੍ਹਾਂ ਨੇ ਆਪਣਾ ਮਰਨ ਵਰਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਸਥਿਤ ਆਪਣੇ ਘਰ ਤੋਂ ਸ਼ੁਰੂ ਕੀਤਾ, ਪਰ ਵਰਤ ਦੌਰਾਨ ਜ਼ਿਆਦਾਤਰ ਸਮਾਂ ਉਨ੍ਹਾਂ ਨੇ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬਿਤਾਇਆ। ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਵੱਲੋਂ ਕੀਤੀ ਗਈ ਭਾਵੁਕ ਅਪੀਲ ਤੋਂ ਬਾਅਦ ਸੂਰਤ ਸਿੰਘ ਖਾਲਸਾ ਨੇ ਆਪਣੇ 90ਵੇਂ ਜਨਮ ਦਿਨ ਤੋਂ ਠੀਕ ਪਹਿਲਾਂ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਸੀ। ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ਼ ਮੋਰਚਾ 7 ਜਨਵਰੀ, 2023 ਤੋਂ ਮੋਹਾਲੀ ਵਿੱਚ ਸਥਾਪਤ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਰਹਿਨੁਮਾਈ ਹੇਠ ਸੰਘਰਸ਼ ਕਰ ਰਿਹਾ ਹੈ।


6, ਜਗਜੀਤ ਸਿੰਘ ਡੱਲੇਵਾਲ


ਜਗਜੀਤ ਸਿੰਘ ਡੱਲੇਵਾਲ, ਗਦੂਦਾਂ ਦੇ ਕੈਂਸਰ ਤੋਂ ਪੀੜਤ ਹੋਣ ਦੇ ਬਾਵਜੂਦ ਦੇਸ਼ ਦੇ ਕਿਸਾਨਾਂ ਲਈ MSP ਦੀ ਲੜਾਈ ਲੜ ਰਹੇ ਹਨ। ਡੱਲੇਵਾਲ ਨੇ 26 ਨਵੰਬਰ, 2024 ਨੂੰ ਆਪਣਾ ਮਰਨ ਵਰਤ ਸ਼ੁਰੂ ਕੀਤਾ ਸੀ। ਐਮਐਸਪੀ ਨੂੰ ਕਾਨੂੰਨੀ ਗਾਰੰਟੀ ਬਣਾਉਣਾ ਅਤੇ ਫ਼ਸਲਾਂ ਦੇ ਰੇਟ ਨਿਰਧਾਰਤ ਕਰਨ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਡੱਲੇਵਾਲ ਦੀ ਇਹ ਹੁਣ ਤੱਕ ਦੀ ਛੇਵੀਂ ਭੁੱਖ ਹੜਤਾਲ ਹੈ ਅਤੇ ਹੁਣ ਤੱਕ ਦੀ ਸਭ ਤੋਂ ਲੰਬੀ ਭੁੱਖ ਹੜਤਾਲ ਹੈ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਆਪਣੀ ਭੁੱਖ ਹੜਤਾਲ ਦੌਰਾਨ ਸਿਰਫ ਪਾਣੀ ਪੀ ਰਹੇ ਹਨ। ਆਪਣੇ ਮਰਨ ਵਰਤ ਤੋਂ ਪਹਿਲਾਂ ਡੱਲੇਵਾਲ ਨੇ ਆਪਣੀ 17 ਏਕੜ ਜ਼ਮੀਨ ਆਪਣੇ ਪੁੱਤਰ, ਨੂੰਹ ਅਤੇ ਪੋਤੇ ਦੇ ਨਾਮ ਲਵਾ ਦਿੱਤੀ ਸੀ।



ABOUT THE AUTHOR

...view details