ਬਠਿੰਡਾ:ਬਠਿੰਡਾ-ਅੰਮ੍ਰਿਤਸਰ ਹਾਈਵੇ 'ਤੇ ਸਥਿਤ ਕਸਬਾ ਗੋਨਿਆਣਾ ਵਿਖੇ ਬੀਤੀ ਦੇਰ ਰਾਤ ਵਿਆਹ ਸਮਾਗਮ ਤੋਂ ਪਰਤ ਰਹੇ ਐਨਆਰਆਈ ਪਰਿਵਾਰ ਨਾਲ ਲੱਖਾਂ ਰੁਪਏ ਦੀ ਲੁੱਟ ਹੋ ਗਈ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਬਿਕ ਪੀੜਤ ਪਰਿਵਾਰ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ ਅਤੇ ਬਠਿੰਡਾ ਦੇ ਪਿੰਡ ਚੱਕ ਬਖਤੂ ਨਾਲ ਸੰਬੰਧਿਤ ਪਰਿਵਾਰ ਦੇ ਘਰ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਆਇਆ ਸੀ।
ਆਸਟ੍ਰੇਲੀਆ 'ਤੋਂ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਆਏ ਪਰਿਵਾਰ ਨਾਲ ਲੱਖਾਂ ਦੀ ਲੁੱਟ (Etv Bharat) ਬੱਚੇ ਦੀ ਸਿਹਤ ਖ਼ਰਾਬ ਹੋਣ ਕਾਰਨ ਰਾਹ 'ਚ ਰੁਕਿਆ ਸੀ ਪਰਿਵਾਰ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਜਿਸ ਸਮੇਂ ਪਰਿਵਾਰ ਵਿਆਹ ਸਮਾਗਮ ਤੋਂ ਵਾਪਸ ਪਰਤ ਰਿਹਾ ਸੀ ਕਿ ਰਾਹ ਵਿੱਚ ਅਚਾਨਕ ਹੀ ਬੱਚੇ ਦੀ ਸਿਹਤ ਖ਼ਰਾਬ ਹੋ ਗਈ, ਜਿਸ ਕਾਰਨ ਉਹ ਰਾਹ ਵਿੱਚ ਕੁਝ ਮਿੰਟਾਂ ਲਈ ਰੁਕੇ ਸਨ। ਇਸ ਦੌਰਾਨ ਆਰਟੀਕਾ ਗੱਡੀ 'ਤੇ ਸਵਾਰ ਅੱਧੀ ਦਰਜਨ ਦੇ ਕਰੀਬ ਲੁਟੇਰਿਆਂ ਨੇ ਅਸਲੇ ਦੀ ਨੋਕ 'ਤੇ ਪਰਿਵਾਰ ਤੋਂ ਲੱਖਾਂ ਰੁਪਏ ਦੇ ਗਹਿਣਿਆਂ ਦੀ ਲੁੱਟ ਕਰ ਲਈ। ਲੁੱਟ ਦਾ ਸ਼ਿਕਾਰ ਹੋਏ ਪਰਿਵਾਰ ਵੱਲੋਂ ਵਿਰੋਧ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਲੁਟੇਰੇ ਆਰਟੀਕਾ ਗੱਡੀ ਰਾਹੀਂ ਭੱਜਣ ਵਿੱਚ ਸਫਲ ਹੋ ਗਏ।
ਪੁਲਿਸ ਕਰ ਰਹੀ ਪੜਤਾਲ
ਐੱਸਐਸੱਪੀ ਬਠਿੰਡਾ ਅਮਨੀਤ ਕੌਂਡਲ ਨੇ ਕਿਹਾ, ਕਿ ਉਹਨਾਂ ਵੱਲੋਂ ਇਸ ਮਾਮਲੇ ਸੰਬੰਧੀ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੰਘਾਲੇ ਜਾ ਰਹੇ ਹਨ ਤਾਂ ਜੋ ਕਿਸੀ ਤਰ੍ਹਾਂ ਦਾ ਸਬੂਤ ਮਿਲ ਸਕੇ ਅਤੇ ਮੁਲਜ਼ਮਾਂ ਦੀ ਪਛਾਣ ਹੋ ਸਕੇ।