ਪੰਜਾਬ

punjab

By ETV Bharat Punjabi Team

Published : Jun 14, 2024, 11:16 AM IST

ETV Bharat / state

ਲੋਕਾਂ ਦਾ ਸਤਾਇਆ ਪੁੱਜਿਆ ਗੁਰੂ ਘਰ; ਅੰਮ੍ਰਿਤ ਛੱਕ ਕੇ ਸੱਜਿਆ ਸਿੰਘ ਤੇ ਗੁਰੂ ਘਰ 'ਚ ਨਿਭਾ ਰਿਹਾ ਸੇਵਾ, ਫਿਰ ਇੰਝ ਬਦਲੀ ਜਿੰਦਗੀ - Dilpreet Faith in Guru

Faith in Guru: ਨੌਜਵਾਨ ਦਿਲਪ੍ਰੀਤ ਸਿੰਘ, ਜਿਸ ਦੀ ਉਮਰ 19 ਸਾਲ ਅਤੇ ਕੱਦ 3 ਫੁਟ 8 ਇੰਚ ਹੈ। ਕੱਦ ਛੋਟਾ ਰਹਿਣ ਕਾਰਨ ਸਮਾਜ ਵਲੋਂ ਦੁਤਕਾਰੇ ਨੌਜਵਾਨ ਨੂੰ ਗੁਰੂ ਘਰ ਨਾਲ ਜੁੜਨ ਨਾਲ ਮਾਨ ਸਤਿਕਾਰ ਮਿਲਿਆ। ਜਿਸ ਤੋਂ ਬਾਅਦ ਉਹ ਅੰਮ੍ਰਿਤ ਛੱਕ ਕੇ ਸਿੰਘ ਸੱਜਿਆ ਤੇ ਹੁਣ ਗੁਰੂ ਘਰ ਵਿਚ ਮੁੱਖ ਸੇਵਾਦਾਰ ਦੀ ਭੂਮਿਕਾ ਨਿਭਾ ਰਿਹਾ ਹੈ।

Faith in Guru
ਲੋਕਾਂ ਦਾ ਸਤਾਇਆ ਪੁੱਜਿਆ ਗੁਰੂ ਘਰ (ETV BHARAT (ਰਿਪੋਰਟ - ਪੱਤਰਕਾਰ, ਪਠਾਨਕੋਟ))

ਲੋਕਾਂ ਦਾ ਸਤਾਇਆ ਪੁੱਜਿਆ ਗੁਰੂ ਘਰ (ETV BHARAT (ਰਿਪੋਰਟ - ਪੱਤਰਕਾਰ, ਪਠਾਨਕੋਟ))

ਪਠਾਨਕੋਟ: ਕਹਿੰਦੇ ਨੇ ਕਿ ਜੇਕਰ ਬੰਦੇ ਦੇ ਮਨ ਵਿੱਚ ਕਿਸੇ ਚੀਜ਼ ਦੀ ਲਗਨ ਹੋਵੇ ਅਤੇ ਉਸ ਨੂੰ ਆਪਣੇ ਰੱਬ 'ਤੇ ਭਰੋਸਾ ਹੋਵੇ ਤਾਂ ਉਹ ਹਰ ਮੁਸ਼ਕਿਲ ਹੱਲ ਕਰ ਅੱਗੇ ਵੱਧ ਜਾਂਦਾ ਹੈ। ਇਵੇਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਵਿਖੇ, ਜਿੱਥੇ ਕਿ ਤਿੰਨ ਫੁੱਟ ਅੱਠ ਇੰਚ ਦਾ 19 ਸਾਲਾਂ ਨੌਜਵਾਨ ਜੋ ਆਪਣੇ ਛੋਟੇ ਕੱਦ ਦੇ ਕਾਰਨ ਲੋਕਾਂ ਵੱਲੋਂ ਕਿਸੇ ਕੰਮ ਦਾ ਨਾ ਸਮਝ ਕੇ ਦੁਰਕਾਰਿਆ ਜਾਂਦਾ ਸੀ। ਪਰ ਹੁਣ ਗੁਰੂ ਚਰਨਾਂ ਦੇ ਨਾਲ ਲੱਗਣ ਦੇ ਕਾਰਨ ਉਸਦਾ ਪੂਰਾ ਮਾਨ ਸਤਿਕਾਰ ਬਣਿਆ ਅਤੇ ਇਹ ਯੁਵਕ ਦੋ ਸਾਲ ਪਹਿਲਾਂ ਹੀ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ। ਹੁਣ ਇਸ ਦਾ ਪੂਰਾ ਮਾਨ ਸਤਿਕਾਰ ਹੈ ਅਤੇ ਗੁਰਦੁਆਰਾ ਕਮੇਟੀ ਵੱਲੋਂ ਇਸ ਨੂੰ ਮੁੱਖ ਸੇਵਾਦਾਰ ਦੀ ਸੇਵਾ ਦਿੱਤੀ ਗਈ ਹੈ। ਇਹ ਬੜੇ ਹੀ ਰੂਹ ਦੇ ਨਾਲ ਸੇਵਾ ਨਿਭਾਉਂਦਾ ਹੋਇਆ ਗੁਰੂ ਦਾ ਸ਼ੁਕਰਾਨਾ ਕਰ ਰਿਹਾ ਹੈ।

ਕੱਦ ਕਾਰਨ ਕਰਦੇ ਸੀ ਮਜ਼ਾਕ: ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦਿਲਪ੍ਰੀਤ ਨੇ ਦੱਸਿਆ ਕਿ ਉਸ ਦਾ ਕੱਦ ਛੋਟਾ ਹੋਣ ਕਾਰਨ ਉਸ ਨੂੰ ਬਹੁਤ ਔਖਾ ਜੀਵਨ ਬਤੀਤ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਛੋਟੇ ਕੱਦ ਕਾਰਨ ਉਨ੍ਹਾਂ ਨੂੰ ਹਰ ਸਮੇਂ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਨਤੀਜੇ ਵਜੋਂ ਉਸ ਨੇ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ। ਜਿਸ ਤੋਂ ਬਾਅਦ ਉਹ ਇੱਕ ਦੁਕਾਨ 'ਤੇ ਕੰਮ ਕਰਨ ਲੱਗਾ ਪਿਆ ਪਰ ਉੱਥੇ ਵੀ ਉਸ ਨੂੰ ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਅੰਮ੍ਰਿਤ ਛੱਕ ਸੱਜਿਆ ਸਿੰਘ:ਦਿਲਪ੍ਰੀਤ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਗੁਰਦੁਆਰਾ ਸਾਹਿਬ ਜਾਇਆ ਕਰਦਾ ਸੀ ਅਤੇ ਉਸ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਡੂੰਘੀ ਸ਼ਰਧਾ ਸੀ। ਜਿਸ ਕਾਰਨ ਉਸ ਨੇ ਅੰਮ੍ਰਿਤ ਛੱਕ ਕੇ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਦਿਲਪ੍ਰੀਤ ਨੇ ਕਿਹਾ ਕਿ ਜਿਵੇਂ ਹੀ ਉਸ ਨੇ ਗੁਰੂ ਦਾ ਪੱਲਾ ਫੜਿਆ, ਉਸ ਦਾ ਹਰ ਪਾਸੇ ਸਤਿਕਾਰ ਹੋਣਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਸੰਤ ਆਸ਼ਰਮ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਚੁਣਿਆ ਹੈ।

ਹੁਣ ਹਰ ਕੋਈ ਕਰਦਾ ਸਤਿਕਾਰ: ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਉਹ ਗੁਰਦੁਆਰਾ ਸਾਹਿਬ ਵਿਖੇ ਰਹਿ ਕੇ ਗੁਰੂ ਦੀ ਸੇਵਾ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ। ਉਸ ਨੇ ਕਿਹਾ ਹੈ ਕਿ ਜੋ ਲੋਕ ਉਸ ਦੇ ਛੋਟੇ ਕੱਦ ਦਾ ਮਜ਼ਾਕ ਉਡਾਉਂਦੇ ਸਨ, ਉਹ ਹੁਣ ਉਸ ਦੀ ਇੱਜ਼ਤ ਕਰਦੇ ਹਨ। ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਉਸ ਨੇ ਗੁਰੂ ਦੀ ਸ਼ਰਨ ਲਈ ਹੈ, ਉਸ ਨੂੰ ਹਰ ਪਾਸੇ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ ਹੈ। ਦਿਲਪ੍ਰੀਤ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਉਹ ਗੁਰਦੁਆਰਾ ਸਾਹਿਬ ਦਾ ਸਾਰਾ ਕੰਮ ਪੂਰੀ ਸ਼ਰਧਾ ਨਾਲ ਕਰ ਰਿਹਾ ਹੈ ਅਤੇ ਜੇਕਰ ਗੁਰਦੁਆਰਾ ਸਾਹਿਬ ਵਿਖੇ ਕਿਸੇ ਸਮਾਨ ਦੀ ਲੋੜ ਹੁੰਦੀ ਹੈ ਤਾਂ ਉਹ ਖੁਦ ਜਾ ਕੇ ਬਜ਼ਾਰ ਤੋਂ ਲੈ ਕੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਤੋਂ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ।

ਨੌਜਵਾਨਾਂ ਨੂੰ ਨਸ਼ੇ ਛੱਡਣ ਦੀ ਅਪੀਲ:ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਦੇ ਲੜ ਲੱਗਣ ਦੀ ਅਪੀਲ ਵੀ ਕੀਤੀ। ਉਧਰ ਗੁਰਦੁਆਰਾ ਸਾਹਿਬ ਪੁੱਜੇ ਸੰਗਤ ਨੇ ਦੱਸਿਆ ਕਿ ਦਿਲਪ੍ਰੀਤ ਕਿਸ ਤਰ੍ਹਾਂ ਗੁਰੂ ਘਰ ਦੇ ਨਾਲ ਜੁੜਿਆ ਅਤੇ ਉਸ ਨੇ ਆਪਣੀ ਪੂਰੀ ਮਿਹਨਤ ਦੇ ਨਾਲ ਸੇਵਾ ਕਰਦੇ ਹੋਏ ਮੁੱਖ ਸੇਵਾਦਾਰ ਵਜੋਂ ਆਪਣਾ ਕੰਮ ਸਾਂਭਿਆ। ਉਹਨਾਂ ਨੇ ਹੋਰ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਜੋ ਬੱਚੇ ਹਨ, ਉਹਨਾਂ ਦਾ ਸਤਿਕਾਰ ਅਤੇ ਉਹਨਾਂ ਦੀ ਹੌਸਲਾ ਹਵਜਾਈ ਕਰਨੀ ਚਾਹੀਦੀ ਹੈ ਤਾਂ ਕਿ ਉਹ ਵੀ ਇਸੇ ਤਰ੍ਹਾਂ ਗੁਰੂ ਦੀ ਸੇਵਾ ਵਿਚ ਆਪਣਾ ਜੀਵਨ ਬਤੀਤ ਕਰਨ ਤੇ ਚੰਗੇ ਕੰਮ ਕਰ ਸਕਣ।

ABOUT THE AUTHOR

...view details