ਲੁਧਿਆਣਾ: ਸ਼ਹਿਰ ਦੇ ਵਿੱਚ ਬੁੱਢੇ ਨਾਲੇ ਦੇ ਮਸਲੇ ਨੂੰ ਲੈ ਕੇ ਅੱਜ ਵਾਤਾਵਰਨ ਪ੍ਰੇਮੀਆਂ ਵੱਲੋਂ ਲੱਖੇ ਸਿਧਾਣਾ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ 'ਚ ਵਾਤਾਵਰਨ ਪ੍ਰੇਮੀਆਂ ਨੇ ਐਲਾਨ ਕੀਤਾ ਕਿ ਹੁਣ ਅਸੀਂ 3 ਦਸੰਬਰ ਨੂੰ ਬੁੱਢੇ ਨਾਲੇ 'ਤੇ ਬੰਨ੍ਹ ਲਾਵਾਂਗੇ। ਹਾਲਾਂਕਿ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਮੌਜੂਦ ਰਹੀ ਪਰ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਉਹ ਹਰ ਸੂਰਤ ਦੇ ਵਿੱਚ ਪ੍ਰੈੱਸ ਕਾਨਫਰੰਸ ਕਰਨਗੇ।
ਬੁੱਢੇ ਨਾਲੇ 'ਤੇ ਵਾਤਾਵਰਨ ਪ੍ਰੇਮੀ ਲਾਉਣਗੇ ਬੰਨ੍ਹ (ETV BHARAT) ਬੁੱਢੇ ਨਾਲੇ 'ਤੇ ਬੰਨ੍ਹ ਲਾਉਣ ਦੀ ਤਿਆਰੀ
ਵਾਤਾਵਰਨ ਪ੍ਰੇਮੀ ਵੱਲੋਂ ਪੱਕਾ ਧਰਨਾ ਲਗਾਇਆ ਜਾਣਾ ਸੀ ਪਰ ਪੰਚਾਇਤੀ ਚੋਣਾਂ ਦੇ ਵਿੱਚ ਲੋਕਾਂ ਦੇ ਮਸ਼ਰੂਫ ਹੋਣ ਕਰਕੇ ਅਤੇ ਖਾਸ ਕਰਕੇ ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਬੁੱਢੇ ਨਾਲੇ 'ਤੇ ਬੰਨ੍ਹ ਲਾਉਣ ਦੇ ਫੈਸਲੇ ਨੂੰ ਅੱਗੇ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਧਰਨੇ ਲਾਉਣ ਤੋਂ ਕੋਈ ਰੋਕ ਨਹੀਂ ਸਕਦਾ, ਅੱਜ ਪ੍ਰੈੱਸ ਕਾਨਫਰੰਸ ਕਰਨ ਤੋਂ ਵੀ ਪੁਲਿਸ ਸਾਨੂੰ ਰੋਕ ਰਹੀ ਸੀ ਪਰ ਅਸੀਂ ਪੁਲਿਸ ਦੇ ਸਾਹਮਣੇ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਉਹਨਾਂ ਕਿਹਾ ਭਾਵੇਂ ਇਸ ਤੋਂ ਬਾਅਦ ਸਾਡੇ 'ਤੇ ਪਰਚਾ ਦਰਜ ਕਰ ਦਿੱਤਾ ਜਾਵੇ ਜਾਂ ਫਿਰ ਸਾਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ, ਅਸੀਂ ਹਰ ਤਰ੍ਹਾਂ ਇਸ ਨੂੰ ਸਹਿਣ ਲਈ ਤਿਆਰ ਹਾਂ।
ਬੁੱਢੇ ਨਾਲੇ 'ਤੇ ਵਾਤਾਵਰਨ ਪ੍ਰੇਮੀ ਲਾਉਣਗੇ ਬੰਨ੍ਹ (ETV BHARAT) ਸਰਕਾਰ ਦੇ ਫੈਸਲੇ ਦੀ ਕਰ ਰਹੇ ਉਡੀਕ
ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਸਰਕਾਰ ਹੁਣ ਖੁਦ ਇਹਨਾਂ ਫੈਕਟਰੀਆਂ ਨੂੰ ਬੰਦ ਕਰਨ ਸਬੰਧੀ ਨੋਟਿਸ ਜਾਰੀ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਹੁਣ ਅਸੀਂ ਸਰਕਾਰ ਦੇ ਇਸ ਕਦਮ ਦੀ ਉਡੀਕ ਕਰ ਰਹੇ ਹਾਂ। ਉਹਨਾਂ ਨੇ ਕਿਹਾ ਜੇਕਰ ਸਰਕਾਰ ਹੀ ਇਹ ਫੈਕਟਰੀਆਂ ਬੰਦ ਕਰ ਦੇਵੇਗੀ ਤਾਂ ਚੰਗਾ ਹੋਵੇਗਾ ਨਹੀਂ ਤਾਂ ਅਸੀਂ ਜਿਹੜੀਆਂ ਫੈਕਟਰੀਆਂ ਬੁੱਢੇ ਨਾਲੇ ਦੇ ਵਿੱਚ ਕੈਮੀਕਲ ਪਾ ਰਹੀਆਂ ਹਨ, ਉਹਨਾਂ ਦੇ ਬਾਹਰ ਜਾ ਕੇ ਬੰਨ੍ਹ ਲਾ ਦੇਵਾਂਗੇ। ਉਹਨਾਂ ਕਿਹਾ ਕਿ ਸਾਨੂੰ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਲੁਧਿਆਣਾ ਦੇ ਵਿੱਚ ਪਾਣੀ ਆ ਜਾਵੇਗਾ ਤੇ ਲੋਕ ਪਰੇਸ਼ਾਨ ਹੋ ਜਾਣਗੇ। ਉਹਨਾਂ ਕਿਹਾ ਕਿ ਲੋਕ ਪਹਿਲਾਂ ਹੀ ਮਰ ਰਹੇ ਹਨ। ਦੱਖਣੀ ਪੰਜਾਬ ਦੇ ਵਿੱਚ ਲੋਕ ਕੈਂਸਰ, ਕਾਲੇ ਪੀਲੀਏ ਦਾ ਸ਼ਿਕਾਰ ਹੋ ਰਹੇ ਹਨ।
3 ਦਸੰਬਰ ਨੂੰ ਲਾਉਣਗੇ ਪੱਕਾ ਬੰਨ੍ਹ
ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਅਸੀਂ 3 ਦਸੰਬਰ ਨੂੰ ਚਿੱਟੇ ਦਿਨ ਆ ਕੇ ਬੁੱਢੇ ਨਾਲੇ 'ਤੇ ਤਾਸ਼ਪੁਰ ਰੋਡ 'ਤੇ ਸਭ ਤੋਂ ਪਹਿਲਾਂ ਜਿੱਥੇ ਕੱਪੜੇ ਰੰਗਣ ਦੀਆਂ ਫੈਕਟਰੀਆਂ ਹਨ ਜਿੱਥੋਂ 9 ਕਰੋੜ ਲੀਟਰ ਪਾਣੀ ਰੋਜ਼ਾਨਾ ਪਾਇਆ ਜਾ ਰਿਹਾ ਹੈ। ਉੱਥੇ ਪੱਕਾ ਬੰਨ੍ਹ ਲਾਵਾਂਗੇ, ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਉਹਨਾਂ ਕਿਹਾ ਕਿ ਲੋਕ ਕਾਲੇ ਪਾਣੀ ਦੇ ਨਾਲ ਮਰ ਰਹੇ ਹਨ ਪਰ ਸਰਕਾਰ ਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਹੈ। ਉੱਥੇ ਹੀ ਐਮਐਲਏ ਗੁਰਪ੍ਰੀਤ ਗੋਗੀ 'ਤੇ ਵੀ ਉਹਨਾਂ ਸਵਾਲ ਖੜੇ ਕੀਤੇ ਕਿ ਜੇਕਰ ਉਹ ਬੁੱਢੇ ਨਾਲੇ ਦੀ ਸਫਾਈ ਕਰਨਾ ਚਾਹੁੰਦੇ ਹਨ ਤਾਂ ਨਾਲ ਫੈਕਟਰੀਆਂ ਵਾਲਿਆਂ ਨੂੰ ਕਿਉਂ ਲੈ ਕੇ ਜਾਂਦੇ ਹਨ।