ਮੋਹਾਲੀ 'ਚ ਪੁਲਿਸ ਨੇ ਕੀਤਾ ਐਨਕਾਊਂਟਰ (ETV BHARAT) ਚੰਡੀਗੜ੍ਹ:ਮੋਹਾਲੀ ਦੇ ਨਿਊ ਮੁਲਾਂਪੁਰ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆਈ ਹੈ। ਜਿਥੇ ਮੁੱਲਾਪੁਰ 'ਚ ਸਪੈਸ਼ਲ ਸੈੱਲ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਈ ਹੈ। ਇਸ ਦੌਰਾਨ ਦੋ ਬਦਮਾਸ਼ਾਂ ਨੂੰ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਇਹ ਦੋਵੇਂ ਮੁਲਜ਼ਮ ਹਾਲ ਹੀ ਵਿੱਚ ਮੋਹਾਲੀ ਦੇ ਖਰੜ ਸ਼ਹਿਰ ਵਿੱਚ ਹੋਏ ਬਾਊਂਸਰ ਮਨੀਸ਼ ਦੇ ਕਤਲ ਵਿੱਚ ਸ਼ਾਮਲ ਸਨ। ਐਨਕਾਊਂਟਰ ਦੌਰਾਨ ਦੋਵਾਂ ਨੂੰ ਗੋਲੀ ਲੱਗੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਇੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।
ਬਾਊਂਸਰ ਮਨੀਸ਼ ਦਾ ਕੀਤਾ ਸੀ ਕਤਲ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀ ਮੋਹਾਲੀ ਦੇ ਪਿੰਡ ਚੰਦੋ ਵਿਖੇ ਹੋਏ ਮਨੀਸ਼ ਬਾਉਂਸਰ ਦੇ ਕਤਲ ਦੇ ਮਾਮਲੇ ਵਿੱਚ ਇਹ ਬਦਮਾਸ਼ ਸ਼ਾਮਿਲ ਸਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਬਾਈਕ ‘ਤੇ ਜਾ ਰਹੇ ਸਨ। ਜਿੰਨ੍ਹਾਂ ਨੂੰ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬਦਮਾਸ਼ਾਂ ਨੇ ਪੁਲਿਸ ਉਤੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ।
ਐਨਕਾਊਂਟਰ 'ਚ ਦੋ ਗੈਂਗਸਟਰ ਕਾਬੂ: ਪੁਲਿਸ ਕਾਰਵਾਈ ਵਿਚ ਚੱਲੀ ਗੋਲੀ ਨਾਲ ਇੱਕ ਮੁਲਜ਼ਮ ਦੇ ਲੱਤ ਅਤੇ ਦੂਜੇ ਦੀ ਵੱਖੀ ਵਿਚ ਗੋਲੀਆਂ ਲੱਗੀਆਂ ਹਨ। ਦੋਵੇਂ ਮੋਹਾਲੀ ਜ਼ਿਲ੍ਹੇ ਦੇ ਵਸਨੀਕ ਦੱਸੇ ਜਾਂਦੇ ਹਨ, ਜਿਨ੍ਹਾਂ ਨੇ ਦੋ ਦਿਨ ਪਹਿਲਾਂ ਬਾਊਂਸਰ ਨੂੰ ਗੋਲੀ ਮਾਰ ਦਿੱਤੀ ਸੀ। ਪੁਲਿਸ ਨੇ ਦੋਵਾਂ ਨੂੰ 48 ਘੰਟਿਆਂ ‘ਚ ਗ੍ਰਿਫਤਾਰ ਕਰ ਲਿਆ। ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਕਰਮ ਰਾਣਾ ਉਰਫ ਹੈਪੀ ਵਾਸੀ ਪਿੰਡ ਤਿਉੜ ਅਤੇ ਕਿਰਨ ਸਿੰਘ ਵਾਸੀ ਖਰੜ ਵਜੋਂ ਦੱਸੀ ਜਾ ਰਹੀ ਹੈ।
ਕੁਝ ਘੰਟਿਆਂ 'ਚ ਹੱਲ ਕੀਤਾ ਕਤਲ ਦਾ ਮਾਮਲਾ: ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਡਾ.ਸੰਦੀਪ ਗਰਗ ਨੇ ਦੱਸਿਆ ਕਿ ਇਸ ਮਾਮਲੇ 'ਚ ਦੋ ਵਿਅਕਤੀ ਸ਼ੱਕੀ ਸਨ ਜੋ ਲੱਕੀ ਪਟਿਆਲ ਗੈਂਗ ਨਾਲ ਜੁੜੇ ਹੋਏ ਸਨ। ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਕਿ ਇਹ ਦੋਵੇਂ ਵਿਅਕਤੀ ਮੁੱਲਾਂਪੁਰ ਇਲਾਕੇ 'ਚ ਦੇਖੇ ਗਏ। ਇਸ ਤੋਂ ਬਾਅਦ ਪੁਲਿਸ ਟੀਮ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇੱਥੇ ਸਾਨੂੰ ਸੜਕ ਦੇ ਕਿਨਾਰੇ ਇੱਕ ਬਾਈਕ ਮਿਲੀ ਅਤੇ ਦੋ ਵਿਅਕਤੀ ਝਾੜੀਆਂ ਵਿੱਚ ਬੈਠੇ ਹੋਏ ਦੇਖੇ ਗਏ। ਇਸ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਇਲਾਕੇ ਦੀ ਜਾਂਚ ਕੀਤੀ। ਜਦੋਂ ਇਨ੍ਹਾਂ ਲੋਕਾਂ ਨੂੰ ਸ਼ੱਕ ਹੋਇਆ ਕਿ ਪੁਲਿਸ ਆ ਗਈ ਤਾਂ ਇੰਨ੍ਹਾਂ ਨੇ ਮੋਟਰਸਾਈਕਲ 'ਤੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਇੰਨ੍ਹਾਂ ਗੋਲੀ ਚਲਾਈ ਤਾਂ ਪੁਲਿਸ ਦੀ ਜਵਾਬੀ ਕਾਰਵਾਈ 'ਚ ਇਹ ਜ਼ਖ਼ਮੀ ਹੋ ਗਏ। ਜਿੰਨ੍ਹਾਂ ਨੂੰ ਮੋਹਾਲੀ ਦੇ ਸਵਿਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਖਰੜ 'ਚ ਹੋਇਆ ਕਤਲ ਇੰਨ੍ਹਾਂ ਵਲੋਂ ਰੰਜਿਸ਼ ਦੇ ਚੱਲਦੇ ਕੀਤਾ ਗਿਆ ਸੀ।