ਸੰਗਰੂਰ:ਸੂਬੇ 'ਚ ਵਧ ਰਹੇ ਅਪਰਾਧ ਨੂੰ ਰੋਕਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਪਰਾਧ 'ਚ ਸ਼ਾਮਿਲ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਹਥਿਆਰਾਂ ਦੀ ਰਿਕਵਰੀ ਵੀ ਕੀਤੀ ਜਾ ਰਹੀ ਹੈ। ਇਸ ਹੀ ਤਹਿਤ ਜਦ ਪੁਲਿਸ ਵੱਲੋਂ ਸੰਗਰੂਰ ਵਿਖੇ ਬਦਮਾਸ਼ ਨੂੰ ਕਾਬੂ ਕਰਕੇ ਹਥਿਆਰ ਰਿਕਵਰ ਕਰਨ ਲਈ ਲਿਆਂਦਾ ਗਿਆ ਤਾਂ ਬਦਮਾਸ਼ ਨੇ ਚਲਾਕੀ ਨਾਲ ਪੁਲਿਸ ਪਾਰਟੀ ਨੂੰ ਚਕਮਾ ਦੇਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਵਾਬੀ ਪੁਲਿਸ ਕਾਰਵਾਈ 'ਚ ਉਕਤ ਬਦਮਾਸ਼ ਨੂੰ ਲੱਤ 'ਤੇ ਫਾਇਰ ਕਰਕੇ ਕਾਬੂ ਕੀਤਾ ਗਿਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਟਾਰਗੇਟ ਕਿਲਿੰਗ ਕਰਨ ਆਏ ਗੈਂਗਸਟਰ ਨੂੰ ਪੁਲਿਸ ਨੇ ਕਾਬੂ ਕੀਤਾ ਸੀ ਜਿਸ ਤੋਂ ਆਸਟਰੀਆ ਗਲੌਕ ਪਿਸਟਲ ਬਰਾਮਦ ਹੋਇਆ ਹੈ। ਉਕਤ ਗੈਂਗਸਟਰ ਦਾ ਨਾਮ ਮਨਿੰਦਰ ਹੈ ਜੋ ਕਿ ਮੁਹਾਲੀ ਦਾ ਵਸਨੀਕ ਹੈ। ਪੁਲਿਸ ਨੂੰ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਸ ਦੇ ਸਬੰਧ ਜੇਲ੍ਹ 'ਚ ਬੰਦ ਗੈਂਗਸਟਰਾਂ ਨਾਲ ਹੈ ਜਿਸ ਦੇ ਇਸ਼ਾਰੇ 'ਤੇ ਟਾਰਗੇਟ ਕਿਲਿੰਗ ਸਬੰਧੀ ਗਾਈਡ ਕੀਤਾ ਜਾ ਰਿਹਾ ਸੀ, ਪੁਲਿਸ ਇਸ ਮਾਮਲੇ 'ਚ ਹੋਰ ਵੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਪਿਛੇ ਹੋਰ ਕੌਣ ਕੌਣ ਸ਼ਾਮਿਲ ਹੈ ਇਸ ਦੀ ਘੋਖ਼ ਕੀਤੀ ਜਾ ਰਹੀ ਹੈ।
ਮਹਿੰਗੇ ਹਥਿਆਰ ਦੀ ਹੋਈ ਬਰਾਮਦਗੀ
ਸੰਗਰੂਰ ਦੇ ਐਸਪੀ ਡੀ ਪਲਵਿੰਦਰ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਅਕਤੀ ਉੱਤੇ ਪਹਿਲਾਂ ਵੀ ਮਲਟੀਪਲ ਮਾਮਲੇ ਦਰਜ ਹਨ, ਇਹ ਵਿਅਕਤੀ ਅਜਿਹੇ ਕੰਮ ਕਰਨ ਦਾ ਆਦੀ ਹੈ। ਪੁਲਿਸ ਵੱਲੋਂ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਵਿਅਕਤੀ ਨੇ ਕਿਸ ਵਿਅਕਤੀ ਦਾ ਕਤਲ ਕਰਨਾ ਸੀ ਤੇ ਇਨ੍ਹੇਂ ਮਹਿੰਗੇ ਹਥਿਆਰ ਇਸ ਨੂੰ ਕਿੱਥੋਂ ਮਿਲੇ। ਪੁਲਿਸ ਨੁੰ ਉਕਤ ਬਦਮਾਸ਼ ਤੋਂਂ ਆਸਟਰੀਆ ਮੇਡ ਅਤੇ ਚਾਈਨਾ ਮੇਡ ਹਥਿਆਰ ਬਰਾਮਦ ਹੋਏ ਹਨ।