ਅੱਗ ਦੇ ਭਾਂਬੜ ਵਾਂਗ ਵਧੇ ਸੋਨੇ ਦੇ ਭਾਅ ਕਾਰਨ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਇਆ ਸੋਨਾ ਅੰਮ੍ਰਿਤਸਰ: ਲਗਜ਼ਰੀ ਦੁਨੀਆਂ ਦੇ ਵਿੱਚ ਸੋਨੇ ਦੀ ਬਹੁਤ ਅਹਿਮੀਅਤ ਹੈ, ਦੇਸ਼ ਭਰ ਦੁਨੀਆਂ ਦੇ ਵਿੱਚ ਜਿੱਥੇ ਸੋਨਾ ਪਹਿਨਣਾ ਜਾਂ ਕੋਲ ਰੱਖਣਾ ਕਈਆਂ ਦਾ ਸ਼ੌਂਕ ਹੈ। ਉੱਥੇ ਹੀ ਆਪਣੇ ਧੀ ਪੁੱਤ ਦੇ ਵਿਆਹ ਮੌਕੇ ਬਣਦੇ ਜ਼ਰੂਰੀ ਸ਼ਗਨ ਵਿਹਾਰ ਕਰਨ ਦੇ ਲਈ ਸੋਨੇ ਦੇ ਗਹਿਣੇ ਪਾਉਣਾ ਇੱਕ ਰਸਮ ਤੇ ਰੀਤੀ ਆਵਾਜ਼ ਹੈ। ਪਰ ਹੁਣ ਇਹ ਰਸਮ ਤੇ ਰੀਤੀ ਦੀ ਰਿਵਾਜ਼ ਨੂੰ ਪੂਰਾ ਕਰਨਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ ਹੈ।
72 ਹਜਾਰ ਦਾ ਅੰਕੜਾ ਕੀਤਾ ਪਾਰ:ਜੀ ਹਾਂ ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਬੀਤੇ ਦਿਨਾਂ ਦੌਰਾਨ ਸੋਨੇ ਦੇ ਭਾਅ ਅੱਗ ਦੇ ਭਾਂਬੜ ਵਾਂਗ ਉਤਾਂਹ ਨੂੰ ਵੱਧਦੇ ਹੋਏ ਨਜ਼ਰ ਆ ਰਹੇ ਹਨ।। ਅੱਜ ਦੇ ਤਾਜ਼ਾ ਸੋਨੇ ਦੇ ਭਾਅ ਦੀ ਗੱਲ ਕਰੀਏ ਤਾਂ ਕਰੀਬ 72 ਹਜਾਰ ਰੁਪਏ ਤੋਲਾ ਸੋਨੇ ਦਾ ਰੇਟ ਹੋ ਚੁੱਕਾ ਹੈ ਜੋ ਕਿ ਹਲਕਾ ਫੁਲਕਾ ਉੱਪਰ ਅਤੇ ਹੇਠਾਂ ਚੱਲਦਾ ਜਾ ਰਿਹਾ ਹੈ।
ਸੋਨੇ ਦੇ ਇੱਕਦਮ ਵਧੇ ਭਾਅ ਕਾਰਨ ਸਰਾਫਾ ਬਾਜ਼ਾਰਾਂ ਦੇ ਵਿੱਚ ਕਾਂ ਕੂਕਦੇ ਹੋਏ ਨਜ਼ਰ ਆ ਰਹੇ ਹਨ, ਜਿਸ ਦਾ ਵੱਡਾ ਕਾਰਨ ਇਹ ਹੈ ਕਿ ਇੰਨ੍ਹਾ ਮਹਿੰਗਾ ਸੋਨਾ ਖਰੀਦਣਾ ਹੁਣ ਕਿਸੇ ਆਮ ਬੰਦੇ ਦੀ ਵੱਸਦੀ ਗੱਲ ਨਹੀਂ ਰਹੀ ਹੈ ਅਤੇ ਬਾਜ਼ਾਰਾਂ ਦੇ ਵਿੱਚ ਕੰਮ ਕਾਜ ਬੇਹੱਦ ਮੱਠਾ ਹੋ ਚੁੱਕਾ ਹੈ।
ਆਸਮਾਨ ਛੂ ਰਹੇ ਸੋਨੇ ਦੇ ਭਾਅ:ਇਸ ਸਬੰਧੀ ਵੱਖ-ਵੱਖ ਸੁਨਿਆਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੋਨੇ ਦੇ ਭਾਅ ਆਸਮਾਨ ਛੂ ਰਹੇ ਹਨ ਜਿਸ ਕਾਰਨ ਬਾਜ਼ਾਰਾਂ ਦੇ ਵਿੱਚ ਵੀ ਮੰਦੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਬੀਤੇ ਲੰਬੇ ਸਮੇਂ ਦੌਰਾਨ ਇੱਕਦਮ ਸੋਨੇ ਦੇ ਭਾਅ ਇੰਨੀਂ ਤੇਜੀ ਨਾਲ ਨਹੀਂ ਵਧੇ ਹਨ ਜਿੰਨ੍ਹੇ ਕਿ ਬੀਤੇ ਦਿਨ੍ਹਾਂ ਦੌਰਾਨ ਵੱਧ ਚੁੱਕੇ ਹਨ।
ਹੋਲੀਆਂ ਦੇ ਉੱਤੇ ਸੋਨੇ ਦਾ ਰੇਟ ਘਟਣ ਦੀ ਬਜਾਏ ਹੋਰ ਵੱਧ ਗਿਆ: ਉਨ੍ਹਾਂ ਦੱਸਿਆ ਕੀ ਕਰੀਬ 20 ਸਾਲ ਦੌਰਾਨ ਹੋਲੀਆਂ ਮੌਕੇ ਹਰ ਸਾਲ ਸੋਨੇ ਦੇ ਭਾਅ ਘੱਟਦੇ ਹੋਏ ਦਰਜ ਕੀਤੇ ਜਾਂਦੇ ਸਨ। ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਸ ਵਾਰ ਹੋਲੀਆਂ ਦੇ ਉੱਤੇ ਸੋਨੇ ਦਾ ਰੇਟ ਘਟਣ ਦੀ ਬਜਾਏ ਹੋਰ ਵੱਧ ਗਿਆ ਹੈ। ਦੁਕਾਨਦਾਰਾਂ ਨੇ ਕਿਹਾ ਕਿ ਸੋਨਾ ਕਈ ਲੋਕਾਂ ਵਾਸਤੇ ਸ਼ੌਂਕ ਹੈ ਕਈ ਵਾਰ ਤੇ ਦਿਨ ਤਿਉਹਾਰ ਜਾਂ ਵਿਆਹ ਸ਼ਾਦੀ ਮੌਕੇ ਰਸਮ ਰਿਵਾਜ਼ ਦੇ ਲਈ ਕੰਮ ਆਉਂਦਾ ਹੈ ਅਤੇ ਇਸ ਦੇ ਨਾਲ ਹੀ ਸੋਨਾ ਇੱਕ ਅਜਿਹੀ ਧਾਤੂ ਹੈ ਜੋ ਕਿ ਕਿਸੇ ਤਰ੍ਹਾਂ ਦੀ ਮਜ਼ਬੂਰੀ ਜਾਂ ਲੋੜ ਸਮੇਂ ਮੌਕੇ ਦੇ ਉੱਤੇ ਤੁਹਾਡੀ ਲੋੜ ਨੂੰ ਪੂਰੀਆਂ ਕਰ ਦਿੰਦੀ ਹੈ।
ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧ ਸਕਦੇ ਹਨ ਭਾਅ:ਉਨ੍ਹਾਂ ਕਿਹਾ ਕਿ ਫਿਲਹਾਲ ਬਾਜ਼ਾਰ ਦੇ ਵਿੱਚ ਸੋਨੇ ਦੇ ਰੇਟ ਘੱਟਦੇ ਹੋਏ ਨਜ਼ਰ ਨਹੀਂ ਆ ਰਹੇ ਹਨ ਅਤੇ ਇਹ ਪੂਰੇ ਆਸਾਰ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਨੇ ਦਾ ਰੇਟ ਇਸ ਤੋਂ ਵੀ ਹੋਰ ਤੇਜ਼ ਹੁੰਦਾ ਜਾਵੇਗਾ। ਗ੍ਰਾਹਕਾਂ ਨੂੰ ਸਲਾਹ ਬਾਰੇ ਪੁੱਛਣ ਦੇ ਉੱਤੇ ਉਨ੍ਹਾਂ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਜੋ ਲੋਕ ਫਾਈਨੈਂਸ਼ਅਲ ਤੌਰ ਦੇ ਉੱਤੇ ਸਮਰੱਥ ਹਨ ਉਨ੍ਹਾਂ ਨੂੰ ਇਸ ਸਮੇਂ ਸੋਨਾ ਖਰੀਦ ਕੇ ਰੱਖ ਲੈਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਇਸ ਦੇ ਭਾਅ ਹੋਰ ਤੇਜ਼ ਹੋ ਸਕਦੇ ਹਨ।